Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

ਪੋਹਲ਼ੀ ਦਾ ਬੂਟਾ – ਸਰਬਜੀਤ ਸੋਹੀ

ਪੋਹਲ਼ੀ ਦਾ ਬੂਟਾ

ਸੰਦਲੀ ਜ਼ੁਲਫ਼ਾਂ ਨੂੰ
ਸਰਕ ਸਰਕ ਜਾਂਦੀ ਅੰਬਰੀ ਵਿੱਚ
ਕੱਜ ਕੱਜ ਕੇ ਰੱਖਣ ਵਾਲੀਏ ਕਮਲੀਏ ਕੁੜੀਏ !
ਕਾਸ਼ ਆਪਾਂ ਰੋਕ ਸਕਦੇ
ਤਲਖ਼ ਹਵਾਵਾਂ ਦੀਆਂ ਗੁਸਤਾਖ਼ੀਆਂ ਨੂੰ
ਜਿਸ ਵਿੱਚ ਤੇਰੀਆਂ ਜ਼ੁਲਫ਼ਾਂ ਹੀ ਨਹੀਂ
ਉਲਝ ਕੇ ਹੀ ਰਹਿ ਗਏ ਸਨ
ਅੱਲੜ੍ਹ ਉਮਰ ਵਿੱਚ ਉਲੀਕੇ ਹੋਏ
ਸਾਡੇ ਸੁਪਨਿਆਂ ਦੇ ਨਕਸ਼

ਕਾਸ਼ !
ਮੈਂ ਤੇਰੀ ਵਾਰਡਰੌਬ ਵਿਚ
ਟੰਗੇ ਹੋਏ ਦਰਜਨਾਂ ਹੈਂਗਰਾਂ ਵਿਚੋਂ ਇਕ ਹੁੰਦਾ
ਸ਼ਾਇਦ ਤੇਰੇ ਬਦਨ ਦੀ ਮਹਿਕ ਵਿੱਚ
ਭਿੱਜੇ ਹੋਏ ਕੀਮਤੀ ਸੂਟਾਂ ਦੇ ਰੰਗ
ਮੇਰੇ ਹਿੱਸੇ ਵੀ ਆਉਂਦੇ !
ਪਰ ਮੈਂ ਪੋਹਲ਼ੀ ਦਾ ਬੂਟਾ………
ਬਹਾਰ ਦੀ ਰੁੱਤੇ ਕਿਤੇ ਦੂਰ-ਦੁਰਾਡੇ
ਕਵਾਰ ਦੀਆਂ ਲੇਸਲੀਆਂ ਗੰਦਲ਼ਾਂ ਵਿਚਕਾਰ
ਉਗਮ ਆਇਆ ਹਾਂ !

ਮੇਰੇ ਕੋਲ
ਸਿਰਫ਼ ਇੱਕ ਹੀ ਰੰਗ ਹੈ
ਤੇ ਉਹ ਰੰਗ ਸੰਧੂਰ ਦੀ ਚੁਟਕੀ ਨਾਲ਼ੋਂ
ਬਹੁਤ ਹੀ ਫਿੱਕਾ ਹੈ !

ਤੇਰੀ ਰੰਗੀਨ ਦੁਨੀਆਂ ਵਿਚ
ਖਿੜ੍ਹਣ ਲਈ ਬਿਹਬਲ ਨੇ ਬੇਸ਼ੁਮਾਰ ਫੁੱਲ
ਤੇਰੇ ਲਾਅਨ ਵਿਚ……..
ਮੌਲਦੇ ਨੇ ਮੌਲਸਰੀ ਦੇ ਬਿਰਖ
ਲਮਕਦੇ ਨੇ ਅਮਲਤਾਸ ਦੇ ਕਾਂਟੇ
ਮਹਿਕਦੇ ਨੇ ਰਾਤ ਦੀ ਰਾਣੀ ਦੇ ਸੁਮਨ
ਗੁਲਾਬ ਦੇ ਸੁਰਖ਼ ਮੁੱਖੜੇ
ਤਰਾਸ਼ੀ ਹੋਈ ਹੈਜ਼ ਦੀ ਓਟ ਵਿੱਚ ਝੂੰਮਦੇ ਨੇ
ਗੁਲਮੋਹਰ ਦੇ ਬੂਟੇ ਤੇ ਖਿੜਦੇ ਨੇ
ਤੇਰੇ ਲਬਾਂ ਵਰਗੇ ਫੁੱਲ !

ਮੈਂ ਤੇਰੇ ਬੰਗਲੇ ਦੀ ਬਾਲਕੋਨੀ ਵਿੱਚ ਪਿਆ
ਕੋਈ ਪੱਥਰ ਦਾ ਗਮਲਾ ਵੀ ਨਹੀਂ !
ਜੋ ਮਾਣ ਸਕਦਾ ਤੇਰੇ ਵਿਹੜੇ ਵਿੱਚ ਖਿੜਦੇ
ਕਿਸੇ ਫੁੱਲ ਦੀ ਤਲਿਸਮੀ ਰੰਗਤ ਨੂੰ !
ਮੈਂ ਤਾਂ ਪੋਹਲ਼ੀ ਦਾ ਬੂਟਾ
ਪੱਤਝੜ ਦੇ ਆਉਣ ਤੋਂ ਬਹੁਤ ਪਹਿਲਾਂ
ਬਿਖ਼ਰ ਜਾਵਾਂਗਾ !
ਸ਼ਾਇਦ…….
ਕਵਾਰ ਦੀਆਂ ਸਬਜ਼ ਗੰਦਲ਼ਾਂ
ਮੇਰੇ ਸੁੱਕਣ ਦੇ ਮਾਤਮ ਵਿੱਚ ਦੋ ਅੱਥਰੂ ਵੀ ਨਾ ਕੇਰਨ !

ਪਰ ਸੁੱਕਣ ਤੋਂ ਪਹਿਲਾਂ
ਮੈਂ ਇਸ ਧਰਤੀ ਨੂੰ ਕੁੱਝ ਬੀਜ ਭੇਟ ਕਰਾਂਗਾ
ਸ਼ਾਇਦ ਕੋਈ ਉੱਡਦਾ ਪੰਛੀ
ਤੇਰੇ ਵਿਹੜੇ ਵਿਚ ਕੋਈ ਬੀਜ ਗਿਰਾ ਦੇਵੇ
ਸ਼ਾਇਦ ਕਿਸੇ ਪੌਦੇ ਦੇ ਪੈਰੀਂ ਮੈਂ ਉੱਗਮ ਆਵਾਂ !
ਤੂੰ ਨਦੀਨ ਸਮਝ ਕੇ
ਕੋਈ ਵੀ ਬੇਬਹਾਰਾ ਬੂਟਾ
ਕੋਈ ਆਪਮੁਹਾਰਾ ਬੂਟਾ
ਪੁੱਟਣ ਦੀ ਕੋਸ਼ਿਸ ਨਾ ਕਰੀਂ !

ਮੈਂ ਪੋਹਲ਼ੀ ਦਾ ਬੂਟਾ ਹੀ ਸਹੀ
ਪਰ ਤੇਰੇ ਵਿਹੜੇ ਦੀ ਕਿਸੇ ਨੁੱਕਰ ਵਿੱਚ
ਉਗਮਣ ਦੀ ਕਸ਼ਿਸ਼ ਨਾਲ
ਭਰਿਆ ਪਿਆ ਹਾਂ !
-Sarbjeet Sohi , AUSTRALIA

Hits: 98

Spread the love
  •  
  •  
  •  
  •  
  •  
  •  
  •  
  •  
  •