Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

ਆਪਣੀ ਜ਼ਿੰਦਗੀ ਦੇ ਫੈਸਲਿਆਂ ਦੀ ਚੋਣ ਖੁਦ ਕਰੋ – ਰਿਸ਼ੀ ਗੁਲਾਟੀ

ਬਹੁਤ ਸਾਰੇ ਲੋਕ ਜਦੋਂ ਮੈਨੂੰ ਆਪਣੀਆਂ (ਪਰਿਵਾਰਕ ਜਾਂ ਘਰੇਲੂ) ਸਮੱਸਿਆਵਾਂ ਦੇ ਹੱਲ ‘ਚ ਮੱਦਦ ਲਈ ਫੋਨ ਕਰਦੇ ਹਨ ਤਾਂ ਉਹਨਾਂ ਦਾ ਧਿਆਨ ਦੋ ਗੱਲਾਂ ਵੱਲ ਹੁੰਦਾ ਹੈ। ਪਹਿਲੀ ਇਹ ਕਿ ਉਹ ਆਪਣੀ ਜ਼ਿੰਦਗੀ ‘ਚ ਵਾਪਰੀਆਂ ਛੋਟੀਆਂ-ਛੋਟੀਆਂ ਘਟਨਾਵਾਂ ਦਾ ਜ਼ਿਕਰ ਤਫ਼ਸੀਲ ‘ਚ ਕਰਦੇ ਹਨ ਜਾਂ ਕਰਨਾ ਚਾਹੁੰਦੇ ਹਨ। ਉਹਨਾਂ ਨੂੰ ਜਾਪਦਾ ਹੈ ਕਿ ਜਿੰਨੀਆਂ ਜਿਆਦਾ ਹੱਡਬੀਤੀਆਂ ਉਹ ਦੱਸਣਗੇ, ਉਨਾ ਵਧੇਰੇ ਮੈਨੂੰ ਉਹਨਾਂ ਦੀ ਸਮੱਸਿਆ ਦੀ ਗੰਭੀਰਤਾ, ਉਹਨਾਂ ਦੁਆਰਾ ਝੱਲੇ ਜਾ ਰਹੇ ਦੱਖ-ਪ੍ਰੇਸ਼ਾਨੀਆਂ, ਤੇ ਮਾਨਸਿਕ ਹਾਲਾਤ ਦਾ ਪਤਾ ਲੱਗੇਗਾ, ਜਾਂ ਮੈਂ ਉਹ ਮਹਿਸੂਸ ਕਰ ਸਕਾਂਗਾ। ਮੇਰਾ ਸੰਬੰਧ ਇਸ ਗੱਲ ਨਾਲ ਨਹੀਂ ਹੈ ਕਿ ਘਰ ਵਾਲੀ ਨੇ ਦਾਲ ‘ਚ ਲੂਣ ਘੱਟ ਪਾਇਆ, ਚਾਹ ਸੁਆਦ ਨਹੀਂ ਬਣਾਈ, ਪੇਕਿਆਂ ਕੋਲ ਹਰ ਰਿਪੋਰਟ ਜਾਂਦੀ ਹੈ, ਘਰ ਵਾਲਾ ਮੋਬਾਇਲ ਨੂੰ ਚਿੰਬੜਿਆ ਰਹਿੰਦਾ ਹੈ, ਪ੍ਰਵਾਹ ਨਹੀਂ ਕਰਦਾ, ਮੰਦਾ ਬੋਲਦਾ ਹੈ, ਨਸ਼ੇ ਕਰਦਾ ਹੈ, ਆਦਿ ਆਦਿ। ਮੈਂ ਕਲੇਸ਼ ‘ਚ ਸ਼ਾਮਲ ਜੀਆਂ ਦੀ ਮਾਨਸਿਕਤਾ ਸਮਝਣ ਦੀ ਕੋਸ਼ਿਸ਼ ਕਰਦਾ ਹਾਂ। ਜਦੋਂ ਸਮਝ ਆ ਗਈ ਤਾਂ ਬੇਸ਼ੱਕ ਹੱਡਬੀਤੀਆਂ ਦੱਸਣ ‘ਚ ਸਾਰਾ ਦਿਨ ਵੀ ਕਿਉਂ ਨਾ ਲੱਗ ਜਾਵੇ, ਮੇਰੇ ਲਈ ਸਭ ਨਿਰਾਰਥਕ ਹਨ। ਮੇਰਾ ਸੰਬੰਧ ਵਾਪਰ ਰਹੀਆਂ ਘਟਨਾਵਾਂ ਪਿਛਲੀ ਮਾਨਸਿਕਤਾ ਅਤੇ ਕਾਰਣ ਨਾਲ ਹੁੰਦਾ ਹੈ।

ਦੂਜੀ ਗੱਲ ਪੀੜਤਾਂ ਦੀ ਇਹ ਤੀਬਰ ਇੱਛਾ ਹੁੰਦੀ ਹੈ ਕਿ ਮੈਂ ਉਹਨਾਂ ਨੂੰ ਇਹ ਦੱਸਾਂ ਕਿ ਉਹ ਕੀ ਕਰਨ? ਖਾਸ ਕਰਕੇ ਘਰੇਲੂ ਕਲੇਸ਼ ‘ਤੋਂ ਕਈ ਵਾਰ ਦੋਹੇਂ ਜੀਅ ਏਨਾ ਕੁ ਅੱਕ ਚੁੱਕੇ ਹੁੰਦੇ ਹਨ ਕਿ ਉਹਨਾਂ ਨੂੰ ਬੱਸ “ਹਰੀ ਝੰਡੀ” ਹੀ ਦੇਣ ਦੀ ਲੋੜ ਹੁੰਦੀ ਹੈ, ਬਾਕੀ ਤਾਂ ਸਭ ਕੁਝ ਸੂਈ ਦੇ ਨੱਕੇ ‘ਤੇ ਹੀ ਹੁੰਦਾ ਹੈ। ਜਦੋਂ ਮੈਂ ਉਹਨਾਂ ਦੀ ਆਸ ਮੁਤਾਬਿਕ “ਛੱਡਣ” ਦੀ ਸਲਾਹ ਨਹੀਂ ਦਿੰਦਾ ਤਾਂ ਉਹ ਕਲਪਦੇ ਹਨ, ਖਿੱਝਦੇ ਹਨ, ਬੇਚੈਨ ਹੋ ਜਾਂਦੇ ਹਨ, ਗੁੱਸੇ ਦਾ ਪ੍ਰਗਟਾਵਾ ਵੀ ਕਰਦੇ ਹਨ ਤੇ ਆਪਣੀਆਂ ਹੱਡਬੀਤੀਆਂ ਨੂੰ ਦੋਬਾਰਾ ਹੋਰ ਵਿਸ਼ੇਸ਼ਣ ਲਗਾ ਕੇ ਸੁਣਾਉਂਦੇ ਹਨ ਤਾਂ ਜੋ ਮੈਨੂੰ ਉਹਨਾਂ ਦੀ ਦੇ ਦੁਖੜਿਆਂ ਦੀ ਤੀਬਰਤਾ ਦਾ ਪਤਾ ਲੱਗ ਜਾਵੇ। ਉਹਨਾਂ ਦੇ ਕੰਨ ਮੇਰੇ ਮੂੰਹੋਂ “ਛੱਡ ਦੇ, ਅਲੱਗ ਹੋ ਜਾਓ” ਸ਼ਬਦ ਸੁਣਨ ਲਈ ਕਾਹਲੇ ਹੁੰਦੇ ਹਨ।

ਪਿਆਰੇ ਵੀਰੋ ਤੇ ਬੀਬੀਓ ਰਾਣੀਓ! ਇਹ ਕੇਵਲ ਤੁਸੀਂ ਹੀ ਨਹੀਂ ਹੋ ਜੋ ਕਿ ਕਿਸੇ ਹੋਰ ਦੀ ਸਲਾਹ ‘ਚੋਂ ਆਪਣੇ ਅੰਤਰੀਵ ਮਨ ਦਾ ਫੈਸਲਾ ਲੱਭਣਾ ਚਾਹੁੰਦੇ ਹੋ। ਬਹੁਤ ਸਾਰੇ ਲੋਕ ਆਪਣੇ ਦੁੱਖੜੇ ਸੁਣਾ ਕੇ “ਹਮਦਰਦੀ” ਲੈਣਾ ਚਾਹੁੰਦੇ ਹਨ। ਇਸ ਤੋਂ ਬਚੋ। “ਹਮਦਰਦੀ” ਬੜਾ ਭੈੜਾ ਜ਼ਹਿਰ ਹੈ, ਤੁਹਾਨੂੰ ਲੈ ਬੈਠੇਗਾ। ਆਪਣੀ ਜ਼ਿੰਦਗੀ ਦੇ ਫੈਸਲਿਆਂ ਦੀ ਚੋਣ ਖੁਦ ਕਰੋ। ਤੁਹਾਡੇ ਨਾਲੋਂ ਬਿਹਤਰ ਤੁਹਾਨੂੰ ਕੋਈ ਨਹੀਂ ਜਾਣਦਾ। ਹਾਂ! ਆਪਣੇ ਫੈਸਲਿਆਂ ‘ਚੋਂ ਸਹੀ ਦੀ ਚੋਣ ਕਰਨ ‘ਚ ਕਿਸੇ ਦੀ ਮੱਦਦ ਲੈ ਸਕਦੇ ਹੋ। ਮੱਤ ਸੋਚੋ ਕਿ ਤੁਹਾਡਾ ਦਿਮਾਗ ਕੰਮ ਨਹੀਂ ਕਰਦਾ, ਤੁਹਾਨੂੰ ਅਕਲ ਨਹੀਂ ਹੈ, ਜਾਂ ਤੁਹਾਨੂੰ ਦੁਨੀਆਂਦਾਰੀ ਦੀ ਸਮਝ ਨਹੀਂ ਹੈ। ਤੁਹਾਡਾ ਕਾਰਜਖੇਤਰ ਜਾਂ ਸੋਚਣ ਦਾ ਨਜ਼ਰੀਆ ਦੂਜਿਆਂ ਨਾਲੋਂ ਵੱਖ ਹੋ ਸਕਦਾ ਹੈ, ਪਰ “ਆਪਣੇ” ਕਾਰਜਖੇਤਰ ‘ਚ ਤੁਹਾਡੀ ਨਿਪੁੰਣਤਾ ਹੋ ਸਕਦੀ ਹੈ। ਕੱਪੜਿਆਂ ਦੀ ਚੋਣ ਜਾਂ ਮੇਕਅੱਪ ਦਾ ਫੈਸਲਾ ਤੁਸੀਂ ਆਪਣੀ ਮਰਜ਼ੀ ਨਾਲ ਕਰਦੇ ਹੋ ਤਾਂ “ਤੁਹਾਡੀ ਜ਼ਿੰਦਗੀ” ਨਾਲ ਜੁੜੇ ਫੈਸਲਿਆਂ ਦਾ ਹੱਕ ਵੀ ਤੁਹਾਡਾ ਆਪਣਾ ਹੋਣਾ ਚਾਹੀਦਾ ਹੈ। ਹਾਂ! ਮੈਨੂੰ ਇਹ ਵੀ ਪਤਾ ਹੈ ਕਿ ਬਹੁਤ ਸਾਰੇ ਲੋਕਾਂ ਦਾ “ਕੱਪੜਿਆਂ ਦੀ ਚੋਣ ਜਾਂ ਮੇਕਅੱਪ ਦਾ ਫੈਸਲਾ” ਵੀ ਆਪਣਾ ਨਹੀਂ ਹੁੰਦਾ ਪਰ ਇਹ ਅਧਿਕਾਰ ਹੋਰਨਾਂ ਨੂੰ ਕਿਸਨੇ ਦਿੱਤਾ ਹੈ? ਤੁਸੀਂ ਖ਼ੁਦ।

ਮੈਨੂੰ ਉਦੋਂ ਬਹੁਤ ਬੁਰਾ ਮਹਿਸੂਸ ਹੁੰਦਾ ਹੈ ਜਦੋਂ ਸਾਡੇ ਸਮਾਜ ਦੇ ਠੇਕੇਦਾਰ ਕਿਸੇ ਔਰਤ ਨੂੰ ਇਹ ਸਲਾਹ ਦਿੰਦੇ ਹਨ ਕਿ “ਤੇਰੇ ਘਰ ਵਾਲਾ ਤਾਂ ਹੈ ਹੀ ਇਹੋ ਜਿਹਾ, ਹੁਣ ਰੱਬ ਨੇ ‘ਚੰਗੀ ਚੀਜ਼’ ਦਿੱਤੀ ਹੈ, ਉਸੇ ਦੇ ਸਹਾਰੇ ਹੀ ਟਾਈਮ ਕੱਢ, ਦਿਨਾਂ ‘ਚ ਹੀ ਬਰਾਬਰ ਦਾ ਹੋ ਜਾਊ।”

ਸੀਰੀਅਸਲੀ ???

ਉਸਦਾ ਨਿਆਣਾ ਚਾਰ-ਪੰਜ ਵਰ੍ਹਿਆਂ ਦਾ ਹੈ, ਕਦੋਂ ਉਹ ਪੜ੍ਹਿਆ-ਲਿਖਿਆ? ਕਦੋਂ ਪੈਰਾਂ ਸਿਰ ਹੋਇਆ? ਇਹ ਵੀ ਕੀ ਗਾਰੰਟੀ ਕਿ ਉਹ ਬੱਚਾ ਵੱਡਾ ਹੋ ਕੇ ਮਾਂ ਦੇ ਪੈਰ ਧੋ-ਧੋ ਕੇ ਪੀਵੇਗਾ? ਬਹੁਤੀ ਸੰਭਾਵਨਾ ਇਸ ਗੱਲ ਦੀ ਹੈ ਕਿ ਬਚਪਨ ਤੋਂ ਮਾਂ-ਬਾਪ ‘ਚ ਜੋ ਕਲੇਸ਼ ਉਹ ਵੇਖ ਰਿਹਾ ਹੈ, ਉਹ ਉਸਦੇ ਮਾਸੂਮ ਮਨ ‘ਤੇ ਅਮਿੱਟ ਪੈੜਾਂ ਛੱਡਦਾ ਜਾ ਰਿਹਾ ਹੈ। ਜਦੋਂ ਉਹ ਵੱਡਾ ਹੋਵੇਗਾ, ਉਸਦਾ ਵਿਆਹ ਹੋਵੇਗਾ ਤੇ ਪੰਦਰਾਂ-ਵੀਹ ਸਾਲ ਬਾਅਦ ਉਸਦੀ ਜ਼ਿੰਦਗੀ ‘ਚ ਇਹੀ ਵੀ ਕੁਝ ਵਾਪਰੇਗਾ ਤਾਂ “ਬੇਗਾਨੀ ਧੀ” ਨੂੰ ਦੋਸ਼ ਦੇਈ ਜਾਇਓ। ਤੇ ਜਿਹੜੀ ਅੱਜ ਨਰਕ ਭੋਗ ਰਹੀ ਹੈ, ਉਸਦਾ ਤੇ ਉਸਦੀ ਆਪਣੀ ਜ਼ਿੰਦਗੀ ਦਾ ਕੀ?

ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ। ਇਸ ਗੱਲ ਦੀ ਗਾਰੰਟੀ ਕੌਣ ਲੈਂਦਾ ਹੈ ਕਿ ਹੁਣ ਵਾਲੇ ਤੋਂ ਅਲੱਗ ਹੋ ਕੇ ਅਗਲੇ ਘਰ ‘ਚ ਤੁਹਾਡੀ ਮਰਜ਼ੀ ਮੁਤਾਬਿਕ ਸਮਾਈ ਹੋ ਜਾਵੇਗੀ? ਸਿਆਣੇ ਬਣੋ! ਆਪਣੇ ਆਪ ਨੂੰ ਤੇ ਦੂਜੇ ਨੂੰ ਬਰਾਬਰ ਪੱਲੜੇ ‘ਚ ਤੋਲ ਕੇ ਵੇਖੋ। ਕਮੀਆਂ-ਪੇਸ਼ੀਆਂ ਹਰੇਕ ‘ਚ ਹੁੰਦੀਆਂ ਹਨ, ਥੋੜ੍ਹਾ ਬਹੁਤ ਸਬਰ ਤੇ ਮਾਫ਼ ਕਰਨਾ ਸਿੱਖ ਲਵੋ ਤਾਂ ਜ਼ਿੰਦਗੀ ਜਿਉਣ ਦਾ ਨਜ਼ਰੀਆ ਹੀ ਬਦਲ ਜਾਵੇਗਾ।

– ਰਿਸ਼ੀ

Hits: 3830

Spread the love
  •  
  •  
  •  
  •  
  •  
  •  
  •  
  •  
  •