Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

GRADUATION

“ਜੋ ਆਪਣੇ ਪਤੀ ਨਾਲ ਸਟੂਡੈਂਟ ਵੀਜ਼ਾ ‘ਤੇ ਪ੍ਰਦੇਸੀਂ ਆਈਆਂ ਹਨ” – ਰਿਸ਼ੀ ਗੁਲਾਟੀ

ਅੱਜ ਦਾ ਸੁਨੇਹਾ ਖਾਸ ਤੌਰ ‘ਤੇ ਉਹਨਾਂ ਬੀਬੀਆਂ ਰਾਣੀਆਂ ਲਈ ਹੈ, ਜੋ ਕਿ ਆਪਣੇ ਪਤੀ ਨਾਲ ਸਟੂਡੈਂਟ ਵੀਜ਼ਾ ‘ਤੇ ਪ੍ਰਦੇਸੀਂ ਆਈਆਂ ਹਨ, ਤੇ ਉਹਨਾਂ ਦੀਆਂ ਵੱਡੀਆਂ ਭੈਣਾਂ ਪਹਿਲਾਂ ਤੋਂ ਇੱਥੇ ਸੈਟਲ ਹਨ। ਅਕਸਰ ਉਹਨਾਂ ਨੂੰ ਆਪਣੀਆਂ ਪ੍ਰਦੇਸੀਂ ਵੱਸਦੀਆਂ ਭੈਣਾਂ ‘ਤੇ ਬਹੁਤ ਮਾਣ ਹੁੰਦਾ ਹੈ, ਪਰ ਉਹਨਾਂ ਦੇ ਜ਼ਿਹਨ ‘ਚੋਂ ਇਹ ਨਿੱਕਲ ਜਾਂਦਾ ਹੈ ਕਿ ਉਹਨਾਂ ਦੇ ਆਪਣੇ ਵਿਆਹ ਤੋਂ ਪਹਿਲਾਂ ਅਤੇ ਬਾਅਦ ਦੇ ਰਿਸ਼ਤਿਆਂ ‘ਚ ਫ਼ਰਕ ਆ ਚੁੱਕਿਆ ਹੈ। ਜਦੋਂ ਤੱਕ ਉਹਨਾਂ ਦਾ ਆਪਣਾ ਵਿਆਹ ਨਹੀਂ ਸੀ ਹੋਇਆ, ਉਹਨਾਂ ਦਾ ਆਪਣੀ ਭੈਣ ਦੇ ਪਤੀ ਨਾਲ ਕੇਵਲ ਸਾਲੀ ਹੋਣ ਦਾ ਰਿਸ਼ਤਾ ਸੀ, ਜਿਸ ‘ਚ ਹਾਸਾ-ਠੱਠਾ, ਨਖਰੇ ਆਦਿ ਚੱਲਦੇ ਸਨ। ਉਸ ਵੇਲੇ ਉਹਨਾਂ ਦੀ ਭੈਣ-ਜੀਜੇ ਦੀਆਂ ਉਹਨਾਂ ਪ੍ਰਤੀ ਕੋਈ ਜਿੰਮੇਵਾਰੀਆਂ ਨਹੀਂ ਸਨ। ਉਂਝ ਵੀ ਆਪਣੇ ਸੱਭਿਆਚਾਰ ‘ਚ ਜੀਜੇ ਜਾਂ ਜੁਆਈ ਦਾ ਦਰਜਾ ਉਚਾ ਮੰਨਿਆ ਜਾਂਦਾ ਹੈ, ਕਦੇ ਕਦਾਈਂ ਮਿਲਣਾ-ਮਿਲਾਉਣਾ ਹੁੰਦਾ ਹੈ, ਇਸ ਲਈ ਸਭ ਨੂੰ ਚਾਅ ਵੀ ਹੁੰਦਾ ਹੈ। ਜੇਕਰ ਜੀਜਾ ਆਪਣੀ ਛੋਟੀ ਸਾਲੀ ਨੂੰ ਹਾਸਾ ਮਜ਼ਾਕ ਕਰ ਵੀ ਦਿੰਦਾ ਹੈ ਤਾਂ ਕੋਈ ਉਸਦਾ ਬੁਰਾ ਨਹੀਂ ਮਨਾਉਂਦਾ ਤੇ ਜੇਕਰ ਉਸਨੂੰ ਝਿੜਕ ਵੀ ਦੇਵੇ ਤਾਂ ਵੀ ਚੱਲਦਾ ਹੈ।

ਸਾਲੀ ਦੇ ਵਿਆਹ ਬਾਅਦ ਉਸਦੇ ਜੀਜੇ ਦੇ ਬਰਾਬਰ ਦਾ ਹੱਕਦਾਰ ਹੋਰ ਖੜ੍ਹਾ ਹੋ ਜਾਂਦਾ ਹੈ, ਤੇ ਦੋਹਾਂ ਸਾਂਢੂਆਂ ਦਾ ਆਪਸ ‘ਚ ਬਹੁਤ ਹੀ ਨਾਜ਼ੁਕ ਰਿਸ਼ਤਾ ਹੁੰਦਾ ਹੈ। ਕਈ ਵਾਰ ਪਹਿਲੀ ਧਿਰ ਨੂੰ ਆਪਣਾ ਅਧਿਕਾਰ ਵੰਡਾਉਣਾ ਔਖਾ ਜਾਪਦਾ ਹੈ ਪਰ ਪ੍ਰਤੱਖ ਤੌਰ ‘ਤੇ ਉਹ ਕੁਝ ਕਰ ਨਹੀਂ ਸਕਦਾ, ਇਸ ਲਈ ਦੂਜੀ ਧਿਰ ਪ੍ਰਤੀ ਮਨ ‘ਚ ਕੜਵਾਹਟ ਆਉਣੀ ਸੁਭਾਵਿਕ ਹੋ ਸਕਦੀ ਹੈ।

ਕਈ ਵਾਰ ਜਦੋਂ ਪ੍ਰਦੇਸੀਂ ਵੱਸਦੀਆਂ ਵੱਡੀਆਂ ਭੈਣਾਂ ਕੋਲ ਛੋਟੀਆਂ ਆ ਜਾਂਦੀਆਂ ਹਨ ਤਾਂ ਨਵਿਆਂ ਦੇ ਲੋੜਵੰਦ ਹੋਣ ਦੀ ਸਥਿਤੀ ‘ਚ ਪੁਰਾਣੇ ਆਪਣੇ ਆਪ ਨੂੰ ਬੇਵਜ੍ਹਾ ਉਚੇ ਸਮਝਣ ਲੱਗ ਪੈਂਦੇ ਹਨ, ਹਾਲਾਂ ਕਿ ਨਵਿਆਂ ਨੇ ਕਿਹੜਾ ਕੁਝ ਲੈ ਕੇ ਖਾਣਾ ਹੁੰਦਾ ਹੈ। ਛੋਟੀਆਂ ਨੂੰ ਆਪਣੀ ਸਕੀ ਭੈਣ ਦਾ ਲੋੜੋਂ ਵੱਧ ਮਾਣ ਹੋ ਸਕਦਾ ਹੈ, ਪਰ ਉਹਨਾਂ ਦੇ ਪਤੀ ਦੇ ਆਪਣੇ ਅਸੂਲ ਹੋ ਸਕਦੇ ਹਨ ਕਿ ਉਹ ਆਪਣੇ ਸਾਂਢੂ ਅੱਗੇ ਨਹੀਂ ਝੁਕਣਾ ਚਾਹੁੰਦਾ ਤੇ ਆਪਣੀ ਮਿਹਨਤ ਦੇ ਦਮ ‘ਤੇ, ਆਪਣੀ ਅਣਖ ਨਾਲ ਹੀ ਜਿਉਣਾ ਚਾਹੁੰਦਾ ਹੈ। ਇਹ ਕੋਈ ਗ਼ਲਤ ਫੈਸਲਾ ਵੀ ਨਹੀਂ ਹੈ। ਕਈ ਵਾਰ ਵੱਡੀਆਂ ਭੈਣਾਂ ਖਾਸ ਤੌਰ ‘ਤੇ ਉਹਨਾਂ ਦੇ ਘਰ ਵਾਲਿਆਂ ਦੀ ਛੋਟੀਆਂ ਦੇ ਪਰਿਵਾਰ ‘ਚ ਲੋੜੋਂ ਵੱਧ ਦਖਲਅੰਦਾਜੀ ਵੀ ਹੋ ਸਕਦੀ ਹੈ, ਜੋ ਕਿ ਛੋਟੀਆਂ ਦੇ ਪਤੀਆਂ ਨੂੰ ਸਵੀਕਾਰ ਨਹੀਂ ਹੁੰਦਾ। ਨਵਾਂ-ਨਵਾਂ ਵਿਆਹ ਹੋਇਆ ਹੋਣ ਕਰਕੇ ਛੋਟੀਆਂ ਆਪਣੇ ਪਤੀ ਨਾਲੋਂ ਵੱਧ ਭੈਣ-ਭਣੋਈਏ ‘ਤੇ ਭਰੋਸਾ ਕਰਦੀਆਂ ਹਨ, ਤੇ ਪਤੀ ਨਾਲ ਹੀ ਆਢਾ ਲਾਉਣਾ ਸ਼ੁਰੂ ਕਰ ਦਿੰਦੀਆਂ ਹਨ। ਇਸ ਸਭ ਕਾਸੇ ‘ਚ ਵੱਡੇ ਸਾਂਢੂ ਦਾ ਕੀ ਵਿਗੜਨਾ ਹੁੰਦਾ ਹੈ? ਛੋਟੇ ਦਾ ਪਰਿਵਾਰ ਰੁਲ ਜਾਂਦਾ ਹੈ, ਕਿਉਂਜੋ ਉਸਦੀ ਘਰ ਵਾਲੀ ਲਾਈਲੱਗ ਬਣੀ ਹੁੰਦੀ ਹੈ। ਉਹ ਆਪਣੇ ਪਤੀ ਦੀ ਇੱਜ਼ਤ ਤੇ ਅਣਖ ਦਾ ਮੁੱਲ ਨਹੀਂ ਸਮਝਦੀ। ਉਸਦੇ ਮੁਤਾਬਿਕ “ਜੇ ਜੀਜਾ ਜੀ ਤੇ ਭੈਣ ਜੀ ਨੇ ਕੁਝ ਕਹਿ ਲਿਆ ਤਾਂ ਫੇਰ ਕੀ ਹੋਇਆ”, ਪਰ ਉਸਨੂੰ ਇਹ ਚੇਤੇ ਨਹੀਂ ਰਹਿੰਦਾ ਕਿ ਦੋਹਾਂ ਸਾਂਢੂਆਂ ਦੀ ਬਰਾਬਰ ਦੀ ਇੱਜ਼ਤ ਹੋਣੀ ਚਾਹੀਦੀ ਹੈ। ਜੇਕਰ ਇੱਕ ਸੈਟਲ ਹੈ ਤੇ ਦੂਜਾ ਸੰਘਰਸ਼ਸ਼ੀਲ ਤਾਂ ਦੂਜਾ ਪਹਿਲੇ ਦੇ ਘਰੋਂ ਕੁਝ ਮੰਗਣ ਨਹੀਂ ਜਾਂਦਾ। ਇਸ ਸਭ ਕੁਝ ਦੇ ਚੱਕਰ ‘ਚ ਕਈ ਬੀਬੀਆਂ “ਭੈਣਾਂ-ਭਣੋਈਆਂ” ਮਗਰ ਲੱਗਕੇ ਆਪਣਾ ਘਰ ਰੋਲ ਬੈਠਦੀਆਂ ਹਨ ਤੇ ਪੈਂਦੀ ਸੱਟੇ ਟ੍ਰਿਪਲ ਜ਼ੀਰੋ ਦੀ ਮੱਦਦ ਲੈਂਦੀਆਂ ਹਨ। ਮੁੜ ਇੰਟਰਵੈਂਸ਼ਨ ਆਰਡਰ ਤੇ ਮੁੜ ਤਲਾਕ, ਜੇਕਰ ਕੋਈ ਨਿਆਣਾ ਨਿੱਕਾ ਹੋਇਆ ਤਾਂ ਉਸਦੀ ਜ਼ਿੰਦਗੀ ਵੱਖਰੀ ਰੁਲਦੀ ਹੈ। ਕੀ ਉਹਨਾਂ ਦੀਆਂ ਭੈਣਾਂ-ਭਣੋਈਏ ਇਸ ਗੱਲ ਦੀ ਗਾਰੰਟੀ ਲੈਂਦੇ ਹਨ ਕਿ ਜਦੋਂ ਵੀ ਉਸਦਾ ਦੂਜਾ ਵਿਆਹ ਹੋਏਗਾ, ਉਸਦਾ ਪਤੀ ਪਹਿਲੇ ਨਾਲੋਂ ਚੰਗਾ ਹੋਵੇਗਾ?

ਸੰਘਰਸ਼ ਦੇ ਦੌਰ ‘ਚ ਪ੍ਰੇਸ਼ਾਨੀਆਂ ਦਾ ਆਉਣਾ ਸੁਭਾਵਿਕ ਹੈ। ਚੰਗਾ ਹੋਵੇ ਜੇਕਰ ਪਤੀ ਪਤਨੀ ਆਪਣੇ ਰਿਸ਼ਤੇਦਾਰਾਂ ਨਾਲ ਇੱਕ ਮਰਿਆਦਾ ‘ਚ ਰਹਿ ਕੇ ਔਖਾ ਸਮਾਂ ਲੰਘਾ ਲੈਣ। ਆਖਿਰ ਨੂੰ ਉਹਨਾਂ ਨੇ ਹੀ ਇੱਕ ਦੂਜੇ ਦੇ ਹੰਝੂ ਪੂੰਝਣੇ ਹਨ, ਭੈਣ-ਭਣੋਈਏ ਹੋਰਾਂ ਨੇ ਨਹੀਂ। ਤਲਾਕ ਲੈ ਕੇ ਉਹਨਾਂ ਨੇ ਹੀ ਦੁੱਖ ਭੋਗਣਾ ਹੈ, ਬੱਚੇ ਉਹਨਾਂ ਦੇ ਹੀ ਰੁਲਣੇ ਹਨ, ਭੈਣ-ਭਣੋਈਏ ਹੋਰਾਂ ਦੇ ਨਹੀਂ।

– ਰਿਸ਼ੀ ਗੁਲਾਟੀ

Hits: 121

Spread the love
  •  
  •  
  •  
  •  
  •  
  •  
  •  
  •  
  •