Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

ਬਹੁਤਾਤ ਲੋਕਾਂ ਦੇ ਮਨ ‘ਚ ਕੋਈ ਵੀ ਕੰਮ ਕਰਨ ਲੱਗਿਆਂ ਇੱਕ ਅਨਜਾਣਿਆ ਜਿਹਾ ਡਰ ਰਹਿੰਦਾ ਹੈ। ਇਹ ਤਾਂ ਤਕਰੀਬਨ ਹਰ ਕੋਈ ਜਾਣਦਾ ਹੀ ਹੈ ਕਿ “ਜਿੰਨਾ ਵੱਡਾ ਰਿਸਕ, ਓਨਾ ਵੱਡਾ ਮੁਨਾਫ਼ਾ”। ਇਹ ਜਾਨਣ ਦੇ ਬਾਵਜੂਦ ਅਕਸਰ ਇਨਸਾਨ ਨਿੱਕੀਆਂ ਨਿੱਕੀਆਂ ਗੱਲਾਂ ਦੀ ਘਬਰਾਹਟ ਮੰਨਦਾ ਹੈ। ਕਈ ਲੋਕ ਬਹੁਤ ਵੱਡੀਆਂ ਵੱਡੀਆਂ ਯੋਜਨਾਵਾਂ ਤਾਂ ਬਣਾ ਲੈਂਦੇ ਹਨ ਪਰ ਜਦੋਂ ਉਹਨਾਂ ਨੂੰ ਪੂਰਿਆਂ ਕਰਨ ਦਾ ਸਮਾਂ ਆਉਂਦਾ ਹੈ ਤਾਂ ਉਹ ਆਪਣੇ ਕਦਮ ਪਿਛਾਂਹ ਵੱਲ ਖਿੱਚ ਲੈਂਦੇ ਹਨ। ਬਹੁਤ ਸਾਰੇ ਲੋਕ ਆਪਣੇ ਇਸ “ਡਰ” ਨੂੰ “ਸੰਤੁਸ਼ਟੀ” ਦਾ ਮੁਖੌਟਾ ਪਹਿਨਾ ਦਿੰਦੇ ਹਨ। ਉਹਨਾਂ ਦਾ ਮੰਨਣਾ ਹੁੰਦਾ ਹੈ ਕਿ ਜੋ ਪ੍ਰਮਾਤਮਾ ਨੇ ਦਿੱਤਾ ਹੈ, ਬਹੁਤ ਹੈ, ਚੰਗੀ ਰੋਟੀ ਖਾ ਰਹੇ ਹਾਂ, ਬਹੁਤਾ ਕੀ ਕਰਨਾ ਹੈ? ਉਹ ਹਿੰਮਤ ਤੇ ਹੌਸਲੇ ਦੀ ਘਾਟ ਨੂੰ “ਸਬਰ” ਦਾ ਨਾਮ ਦੇ ਕੇ ਖੁਦ ਨੂੰ ਤੇ ਹੋਰਨਾਂ ਨੂੰ ਸੰਤੁਸ਼ਟ ਕਰਨ ਦਾ ਯਤਨ ਕਰਦੇ ਹਨ।

ਕਿਤੇ ਨਾ ਕਿਤੇ ਇਹ ਸ਼ਬਦ “ਸਬਰ”, ਉਹਨਾਂ ਦੇ ਰਿਸਕ ਲੈਣ ਦੇ ਡਰ ਦਾ ਸਮਰਥਨ ਕਰਦਾ ਹੈ। ਇੱਕ ਨਕਾਰਤਮਕ ਭਾਵਨਾ “ਡਰ” ਨੂੰ ਸਕਾਰਤਮਕ ਸ਼ਬਦ “ਸਬਰ” ਦੀ ਚਾਸ਼ਨੀ ਚੜ੍ਹਾ ਕੇ ਆਪਣੇ ਫੈਸਲੇ ਨੂੰ ਸਹੀ ਠਹਿਰਾਉਣ ਦਾ ਯਤਨ ਹੈ। ਹਾਲਾਂਕਿ ਉਸ ਵਿਅਕਤੀ ਦੇ ਅੰਤਰਮਨ ‘ਚ ਕਿਤੇ ਨਾ ਕਿਤੇ ਤਰੱਕੀ ਕਰਨ, ਮੁਨਾਫ਼ਾ ਕਮਾਉਣ ਜਾਂ ਇੰਝ ਕਹਿ ਲਵੋ ਕਿ ਪੰਗਾ ਲੈਣ ਦੀ ਚਾਹਤ ਸਿਰ ਚੁੱਕਦੀ ਹੈ, ਪਰ ਜਦੋਂ ਹੋਰਨਾਂ ਦੁਆਰਾ ਵੀ “ਸਬਰ” ਸ਼ਬਦ ਨੂੰ ਅਧਿਆਤਮਿਕਤਾ ਨਾਲ ਜੋੜ ਦਿੱਤਾ ਜਾਂਦਾ ਹੈ ਤਾਂ ਮਨ ਨੂੰ ਅਨਜਾਣੀ ਖੁਸ਼ੀ ਪ੍ਰਦਾਨ ਕਰਦਾ ਹੈ। ਆਪਣਾ ਫੈਸਲਾ ਸਹੀ ਜਾਪਦਾ ਹੈ ਪਰ ਨਾਲ ਦੀ ਨਾਲ ਇਹ ਇਹ ਬਚੀਆਂ-ਖੁਚੀਆਂ ਯੋਜਨਾਵਾਂ ਨੂੰ ਵੀ ਢਹਿ-ਢੇਰੀ ਕਰ ਦਿੰਦਾ ਹੈ। ਉਸਨੂੰ ਜਾਪਦਾ ਹੈ ਕਿ “ਜੋ ਕੁਝ ਚੱਲ ਰਿਹਾ ਹੈ, ਉਹੀ ਜੀਵਨ ਹੈ ਤੇ ਮੈਨੂੰ ਇਸ ‘ਚ ਹੀ ਸੰਤੁਸ਼ਟ ਹੋ ਜਾਣਾ ਚਾਹੀਦਾ ਹੈ ਜਾਂ ਮੈਂ ਇਸੇ ‘ਚ ਹੀ ਸੰਤੁਸ਼ਟ ਹਾਂ”। ਬਹੁਤਾ ਕਮਾ ਕੇ ਕਿਹੜਾ “ਨਾਲ” ਲੈ ਜਾਣਾ ਹੈ? ਇਹ ਤੁਹਾਨੂੰ ਯਾਦ ਰੱਖਣਾ ਬਣਦਾ ਹੈ ਕਿ “ਸੰਤੁਸ਼ਟ ਹੋ ਜਾਣਾ ਤੁਹਾਡੀ ਤਰੱਕੀ ਦਾ ਅੰਤ ਹੈ”। ਜੇਕਰ ਤੁਹਾਡੇ ਅੰਦਰ ਹੋਰ ਤੇ ਹੋਰ ਵਧੇਰੇ ਤਰੱਕੀ ਕਰਨ ਦੀ ਭੁੱਖ ਰਹੇਗੀ, ਤਾਂ ਹੀ ਤੁਸੀਂ ਇਸ ਬਾਰੇ ਸੋਚੋਗੇ, ਤੁਹਾਡੇ ਮਨ ‘ਚ ਤਰੱਕੀ ਕਰਨ ਦੇ ਨਵੇਂ ਨਵੇਂ ਵਿਚਾਰ ਉਪਜਣਗੇ। ਪਹਿਲੀ ਕੋਸ਼ਿਸ਼, ਦੂਜੀ ਕੋਸ਼ਿਸ਼, ਮੁੜ ਕੋਸ਼ਿਸ਼ ਤੇ ਹੋਰ ਜਿਆਦਾ ਕੋਸ਼ਿਸ਼। ਹਰ ਕੋਸ਼ਿਸ਼ ਤੁਹਾਨੂੰ ਪ੍ਰਪੱਕ ਕਰਦੀ ਹੈ, ਤੁਹਾਨੂੰ ਹੋਰ ਵਧੇਰੇ ਸਿਖਾਉਂਦੀ ਹੈ। ਪਹਿਲੀ ਨਾਕਾਮੀ ਤੋਂ ਬਾਅਦ ਜਦੋਂ ਤੁਸੀਂ ਦੂਜੀ ਕੋਸ਼ਿਸ਼ ਕਰਨੀ ਹੁੰਦੀ ਹੈ ਤਾਂ ਦੂਜੀ ਨਾਕਾਮੀ ਘੱਟੋ-ਘੱਟ ਉਸ ਮੋੜ ‘ਤੇ ਤਾਂ ਨਹੀਂ ਹੋਵੇਗੀ, ਜਿੱਥੇ ਪਹਿਲੀ ਹੋਈ ਸੀ। ਦੂਜੀ ਨਾਕਾਮੀ ਤੋਂ ਪਹਿਲਾਂ ਤੁਸੀਂ ਆਪਣੀ ਸਫ਼ਲਤਾ ਦੇ ਰਸਤੇ ਤੇ ਹੋਰ ਜਿਆਦਾ ਸਫ਼ਰ ਲਾਜਮੀ ਤੈਅ ਕੀਤਾ ਹੋਵੇਗਾ ਤੇ ਇਸਨੇ ਤੁਹਾਡੀ ਜਾਣਕਾਰੀ ਤੇ ਤਜਰਬੇ ‘ਚ ਵਾਧਾ ਕੀਤਾ ਹੋਵੇਗਾ। ਆਪਣੇ ਡਰ ਨੂੰ “ਸਬਰ” ਜਾਂ “ਸੰਤੁਸ਼ਟੀ” ਆਦਿ ਸ਼ਬਦਾਂ ਦਾ ਜਾਮਾ ਪਹਿਨਾਉਣ ਜਾਂ ਹੋਰ ਕੋਈ ਸ਼ਬਦੀ ਬਹਾਨੇਬਾਜ਼ੀ ਕਰਨ ਦਾ ਮੈਂ ਪੁਰਜ਼ੋਰ ਵਿਰੋਧ ਕਰਦਾ ਹਾਂ। ਰਿਸਕ ਲੈਣਾ ਜਾਂ ਨਾ ਲੈਣਾ ਤੁਹਾਡਾ ਆਪਣਾ ਫੈਸਲਾ ਹੈ ਪਰ ਰਿਸਕ ਨਾ ਲੈਣ ਦੇ ਸਹੀ ਤੇ ਅਸਲ ਕਾਰਣ ਨੂੰ ਮੰਨ ਲੈਣਾ ਬਿਹਤਰ ਹੋਵੇਗਾ। ਜੇਕਰ ਤੁਹਾਨੂੰ ਸੁਚੇਤ ਤੌਰ ‘ਤੇ ਆਪਣੇ ਨਾਂਹ ਪੱਖੀ ਫੈਸਲੇ ਦਾ ਕਾਰਣ ਪਤਾ ਹੋਵੇਗਾ ਤਾਂ ਭਵਿੱਖ ‘ਚ ਮੌਕਾ ਮਿਲਣ ‘ਤੇ ਤੁਸੀਂ ਸਹੀ ਫੈਸਲਾ ਲੈਣ ਦੇ ਕਾਬਿਲ ਰਹੋਗੇ। ਪਰ ਜੇਕਰ ਉਪਰੋਕਤ ਸ਼ਬਦਾਂ ਦੇ ਜਾਲ ‘ਚ ਫਸ ਗਏ ਤਾਂ ਤਮਾਮ ਜ਼ਿੰਦਗੀ ਮਾਨਸਿਕ ਤੌਰ ‘ਤੇ ਨਕਾਰਾ ਤੇ ਫੇਲ੍ਹ ਹੋਣ ਤੋਂ ਕੋਈ ਨਹੀਂ ਰੋਕ ਸਕੇਗਾ।

-ਰਿਸ਼ੀ ਗੁਲਾਟੀ

Hits: 26

Spread the love
  •  
  •  
  •  
  •  
  •  
  •  
  •  
  •  
  •