Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

ਮਜ਼ਦੂਰ ਦਾ ਜਨਮ …..ਅਮਰਜੀਤ ਸਿੰਘ ਅਮਨੀਤ

ਪਿਆਰੇ ਦੋਸਤੋ ਇਸ ਲਾਕਡਾਉਨ ਦੇ ਕਾਰਨ ਗ਼ਰੀਬਾਂ ਤੇ ਮਜ਼ਦੂਰਾਂ ਨੇ ਬਹੁਤ ਦੁੱਖ ਹੰਢਾਇਆ ਹੈ।ਉਹਨਾਂ ਨੂੰ ਨਿਰਾਸ਼ਾ ਦੀ ਹਾਲਤ ਵਿੱਚ ਆਪਣੀ ਜੰਮਣ ਭੋਇੰ ਵੱਲ ਨੰਗੇ ਪੈਰੀਂ ਤੱਤੀਆਂ ਸੜਕਾਂ ਉਤੇ ਭੁੱਖੇ ਢਿੱਡੀਂ ਤੁਰਨਾ ਪਿਆ। ਇਹੀ ਹੋਣੀ ਨਾਲ਼ ਤੁਰਦੇ ਉਹਨਾਂ ਦੇ ਥੱਕੇ ਹਾਰੇ ਬੱਚਿਆਂ ਦੀ ਸੀ। ਇਸੇ ਸਫ਼ਰ ਵਿੱਚ ਥੱਕ ਕੇ ਚੂਰ ਹੋਈਆਂ ਮਾਂਵਾਂ ਨੇ ਬੱਚਿਆਂ ਨੂੰ ਬਿਨਾਂ ਕਿਸੇ ਸਹੂਲਤ ਦੇ ਜਨਮ ਦਿੱਤੇ ਤੇ ਕੁਝ ਦੇਰ ਬਾਅਦ ਹੀ ਫਿਰ ਸਫ਼ਰ ਤੇ ਤੁਰ ਪਈਆਂ ਜਿਵੇਂ ਉਹ ਇਨਸਾਨ ਹੋਣ ਹੀ ਨਾ। ਇਹਨਾਂ ਸਥਿਤੀਆਂ ਨੇ ਹੀ ਇਹ ਕਵਿਤਾ ਲਿਖਵਾ ਦਿੱਤੀ। ਇਸ ਨੂੰ ਜ਼ਰੂਰ ਪੜ੍ਹਨਾ ਜੀ ਜੇ ਚੰਗੀ ਲੱਗੀ ਤਾਂ ਜ਼ਰੂਰ ਸ਼ੇਅਰ ਕਰਨੀ ।

*ਮਜ਼ਦੂਰ ਦਾ ਜਨਮ **

ਮੇਰੀ ਮਾਂ ਨੂੰ
ਕੁਝ ਤਾਂ ਅਰਾਮ ਚਾਹੀਦਾ ਸੀ
ਪਰ ਉਹ ਇਸ ਜੰਗਲ ਵਿੱਚ
ਮਨੁੱਖ ਨਹੀਂ ਸੀ
ਤਾਂ ਹੀ ਤਾਂ ਮੈਨੂੰ ਜਣ ਕੇ
ਉਹ ਉਸੇ ਵੇਲ਼ੇ ਤੁਰਨ ਲੱਗੀ।

ਅਜੇ ਮੇਰੀ ਮਲੂਕ ਦੇਹ ਤੋਂ
ਮਾਂ ਦੀ ਕੁੱਖ ਦਾ ਖ਼ੂਨ ਵੀ
ਨਹੀਂ ਸੀ ਲੱਥਾ
ਤੇ ਤੁਸੀਂ ਮੈਨੂੰ
ਲੰਮੀਆਂ ਸੜਕਾਂ ‘ਤੇ ਤੋਰ ਦਿੱਤਾ ਹੈ
ਇਸ ਤਿੱਖੀ ਸੜਦੀ ਧੁੱਪ ਵਿੱਚ
ਇਹ ਸੜਕਾਂ ਦੇ ਰੁੱਖ ਵੀ
ਸਾਡੇ ਨਾਲ਼ ਨਹੀਂ ਤੁਰ ਸਕਦੇ
ਤੇ ਪਲ ਲਈ ਛਾਂਵੇਂ ਬੈਠਣ ਲਈ
ਅਸੀਂ ਬੇਘਰੇ ਰੁਕ ਵੀ ਨਹੀਂ ਸਕਦੇ
ਤੇ ਬੱਦਲ ਕਿੱਥੋਂ ਆਵੇ ਕੋਈ ਰੂੰ ਦਾ ਟੋਟਾ
ਜੋ ਮੇਰੇ ਤੇ ਮੇਰੀ ਮਾਂ ਸੰਗ ਤੁਰਦਾ ਜਾਵੇ
ਤੇ ਸਿਰ ‘ਤੇ ਛਾਂਵਾਂ ਕਰਦਾ ਜਾਵੇ ।

ਮੈਨੂੰ ਕੁਝ ਕੁ ਤੁਰਨਾ ਤਾਂ
ਸਿੱਖ ਲੈਣ ਦਿੰਦੇ
ਫਿਰ ਮੇਰੇ ਹਿੱਸੇ ਦਾ ਸਫ਼ਰ ਦਿੰਦੇ
ਮੇਰੇ ਹਿੱਸੇ ਦੀ ਭਟਕਣ ਦਿੰਦੇ
ਇਸੇ ਤਰ੍ਹਾਂ ਮੈਨੂੰ ਮਿਲ ਜਾਣਾ ਹੈ
ਪਿਓ ਦਾਦੇ ਦਾ ਕਰਜ਼ਾ
ਤੇ ਪੈਂਸਿਲ ਕਿਤਾਬ ਤੋਂ ਪਹਿਲਾਂ ਹੀ
ਮਿਲ ਜਾਣਾ ਹੈ ਮੈਨੂੰ
ਇੱਟਾਂ, ਜੂਠੇ ਭਾਂਡੇ
ਤੇ ਤੁਹਾਡੇ ਘਰ ਦਾ ਕੂੜਾ ।

ਉਹ ਆਪਣੀਆਂ ਵਹੀਆਂ ‘ਚ
ਮੇਰੀ ਜੰਮਣ ਭੋਇੰ
ਕਿਹੜੀ ਲਿਖਣਗੇ
ਮੈਨੂੰ ਜਣਨ ਲੱਗੇ
ਮਾਂ ਸੰਗ ਸੀ
ਅਸਹਿ ਪੀੜਾ
ਤਿੱਖੀ ਧੁੱਪ ਤੇ ਵਗਦੀ ਲੂ
ਮੇਰਾ ਨਾੜੂ ਮੇਰੇ ਪਿਓ ਨੇ ਕੱਟਿਆ
ਨੰਗੀ ਸੜਕ ‘ਤੇ
ਸੁੱਕੇ ਘਾਹ ਦਾ ਓਹਲਾ
ਵਗਦੀ ਲੂ ਨੇ ਲੋਰੀ ਦਿੱਤੀ
ਤਿੱਖੀ ਧੁੱਪ ਨੇ ਮੇਰਾ ਮੂੰਹ ਪੂੰਝਿਆ।

ਮੈਂ ਕਿਹੜੀ ਦੁਨੀਆ ‘ਚ ਜੰਮਿਆਂ ?
ਉਂਜ ਸੁਣਿਆ ਹੈ
ਰੇਲਾਂ, ਜਹਾਜ਼, ਹਸਪਤਾਲ
ਤੇ ਸਕੂਲ ਵੀ ਹੈ ਨੇ
ਤੁਸੀਂ ਕਿਹੜੀ ਦੁਨੀਆ ‘ਚ ਜੰਮੇ ਹੋ?
ਤੁਹਾਨੂੰ ਪਤਾ ਹੈ
ਭੁੱਖ, ਗ਼ਰੀਬੀ, ਬਿਮਾਰੀ,
ਲਾਚਾਰੀ
ਤੇ ਪਸ਼ੂਆਂ ਵਰਗੀ ਕੋਈ ਜੂਨ ਵੀ ਹੈ
ਪਸ਼ੂਆਂ ਵਰਗੀ ਕੋਈ ਜੂਨ ਵੀ ਹੈ ।
…..ਅਮਰਜੀਤ ਸਿੰਘ ਅਮਨੀਤ
8872266066

Hits: 49

Spread the love
  •  
  •  
  •  
  •  
  •  
  •  
  •  
  •  
  •