Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

ਜਿੰਦ ਕੌਰ (ਉਮਰ 45) ਦੀ ਜੌਰਜ ਰਿਚਮੌਂਡ ਦੁਆਰਾ ਬਣਾਈ ਤਸਵੀਰ

ਮਹਾਰਾਣੀ ਜਿੰਦ ਕੌਰ ਨੂੰ 16 ਮਈ, 1848 ਦੇ ਦਿਨ, ਇੱਕ ਕੈਦੀ ਵਜੋਂ, ਪੰਜਾਬ ਤੋਂ ਬਨਾਰਸ ਲਿਜਾਇਆ ਗਿਆ ਸੀ ।

ਮਹਾਰਾਣੀ ਜਿੰਦ ਕੌਰ ਨੂੰ 16 ਮਈ, 1848 ਦੇ ਦਿਨ, ਇੱਕ ਕੈਦੀ ਵਜੋਂ, ਪੰਜਾਬ ਤੋਂ ਬਨਾਰਸ ਲਿਜਾਇਆ ਗਿਆ ਸੀ ।

ਮਹਾਰਾਣੀ ਜਿੰਦ ਕੌਰ (1817 – 1 ਅਗਸਤ 1863) ਸਿੱਖ ਸਲਤਨਤ ਦੇ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਅਤੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਮਾਂ ਸੀ। ਮਹਾਰਾਣੀ ਜਿੰਦ ਕੌਰ ਦਾ ਜਨਮ ਸੰਨ 1817 ਨੂੰ ਪਿੰਡ ਚਾੜ੍ਹ, ਜਿਲ਼੍ਹਾ ਸਿਆਲਕੋਟ, ਤਹਿਸੀਲ ਜਫਰਵਾਲ ਵਿਖੇ ਹੋਇਆ। ਆਪਣੇ ਸੁਹੱਪਣ ਅਤੇ ਦਲੇਰੀ ਕਰ ਕੇ ਸਿੱਖ ਸਾਮਰਾਜ ਦੇ ਮਹਾਰਾਜਾ ਰਣਜੀਤ ਸਿੰਘ ਦੀ ਖ਼ੂਬਸੂਰਤ ਮਹਾਰਾਣੀ ਜਿੰਦ ਕੌਰ ਨੂੰ ‘ਵਿਦਰੋਹੀ ਰਾਣੀ’, ‘ਦਿ ਮਿਸਾਲਿਨਾ ਆਫ਼ ਪੰਜਾਬ’ ਅਤੇ ‘ਦਿ ਕਵੀਨ ਮਦਰ’ ਵਰਗੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ‘ਰਾਣੀ ਜਿੰਦਾ’ ਵੀ ਕਿਹਾ ਜਾਂਦਾ ਹੈ। ਉਹ ਸਿੱਖ ਰਾਜ ਵਿੱਚ ਪੰਜਾਬ ਦੇ ਲਾਹੌਰ ਦੀ ਆਖ਼ਰੀ ਰਾਣੀ ਸੀ।
4 ਸਤੰਬਰ 1938 ਈ: ਨੂੰ ਮਹਾਰਾਣੀ ਜਿੰਦਾ ਨੇ ਦਲੀਪ ਸਿੰਘ ਨੂੰ ਜਨਮ ਦਿੱਤਾ । ਮਹਾਰਾਜਾ ਸ਼ੇਰ ਸਿੰਘ ਅਤੇ ਕੰਵਰ ਪ੍ਰਤਾਪ ਸਿੰਘ ਦੇ ਕਤਲ ਹੋ ਜਾਣ ਤੋਂ ਬਾਅਦ 16 ਸਤੰਬਰ 1843 ਨੂੰ ਦਲੀਪ ਸਿੰਘ ਨੂੰ 5 ਸਾਲ ਦੀ ਉਮਰ ਵਿੱਚ ਮਹਾਰਾਜਾ ਘੋਸ਼ਿਤ ਕਰ ਦਿੱਤਾ ਗਿਆ । ਮਹਾਰਾਣੀ ਜਿੰਦ ਕੌਰ ਉਸਦੀ ਸਰਪ੍ਰਸਤ ਬਣੀ । ਹੀਰਾ ਸਿੰਘ ਡੋਗਰਾ ਵਜ਼ਰਿ ਬਣਾਇਆ ਗਿਆ । ਪਰ ਹੀਰਾ ਸਿੰਘ ਗਦ੍ਹਾਰ ਨਿਕਲ‌ਿਆ , ਉਸਨੇ ਮਹਾਰਾਣੀ ਨੂੰ ਜ਼ਹਿਰ ਦੇ ਕੇ ਮਰਵਾਉਣਾ ਚਾਹ‌ਿਆ । ਭੇਦ ਖੁੱਲਣ ਤੇ ਲਾਹੌਰ ਦਰਬਾਰ ਦੀ ਫੌਜ਼ ਵੱਲੋਂ ਉਸਦਾ ਸੋਧਾ ਲਾਇਆ ਗਿਆ । ਇਸ ਤੋਂ ਬਾਅਦ ਰਾਣੀ ਦੇ ਭਰਾ ਜਵਾਹਰ ਸਿੰਘ ਨੂੰ ਵਜ਼ੀਰ ਬਣਾਇਆ ਗਿਆ । ਰਾਣੀ ਨੇ ਪਰਦਾ ਤਿਆਗ ਕੇ ਰਾਜਸੀ ਅਧਿਕਾਰਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ।ਉਹ ਖੁਦ ਜਾ ਕੇ ਫੌਜ ਦਾ ਨਿਰੀਖਣ ਵੀ ਕਰਦੀ ਸੀ ।
ਇੱਕ ਆਮ ਪਰਿਵਾਰ ਦੀ ਕੁੜੀ ਤੋਂ ਉੱਤਰ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਮਹਾਰਾਣੀ ਬਣਨ ਵਾਲੀ ਜਿੰਦ ਕੌਰ ਦੀ ਕਹਾਣੀ ਭਾਰਤੀ ਲੋਕ ਕਥਾਵਾਂ ਦਾ ਹਿੱਸਾ ਰਹੀ ਹੈ।
ਰਣਜੀਤ ਸਿੰਘ ਦੇ ਪਹਿਲੇ ਤਿੰਨ ਗੱਦੀਨਸ਼ੀਨਾਂ ਦੀ ਸਿਆਸੀ ਹੱਤਿਆ ਤੋਂ ਬਾਅਦ ਉਸ ਦਾ ਛੋਟਾ ਪੱਤਰ ਦਲੀਪ ਸਿੰਘ ਸਤੰਬਰ 1843 ਵਿੱਚ ਪੰਜ ਵਰ੍ਹੇ ਦੀ ਉਮਰ ਵਿੱਚ ਮਹਾਰਾਜਾ ਬਣਿਆ ਅਤੇ ਨਾਬਾਲਗ ਹੋਣ ਕਰ ਕੇ ਜਿੰਦ ਕੌਰ ਉਸ ਦੀ ਆਗੂ ਨੁਮਾਇੰਦਾ ਬਣੇ। ਪਹਿਲੀ ਐਂਗਲੋ ਸਿੱਖ ਜੰਗ ਵਿੱਚ ਸਿੱਖਾਂ ਦੀ ਹਾਰ ਤੋਂ ਕੁਝ ਸਮੇਂ ਬਾਅਦ ਅੰਗਰੇਜ਼ਾਂ ਨੇ ਇਹਨਾਂ ਨੂੰ ਕੈਦੀ ਬਣਾ ਲਿਆ ਅਤੇ ਨਜ਼ਰਬੰਦ ਰੱਖਿਆ ਅਤੇ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ।
ਰਾਣੀ ਜਿੰਦਾਂ ਨੂੰ 16 ਮਈ, 1848 ਦੇ ਦਿਨ, ਇੱਕ ਕੈਦੀ ਵਜੋਂ, ਪੰਜਾਬ ਤੋਂ ਬਨਾਰਸ ਲਿਜਾਇਆ ਗਿਆ ਸੀ। ਬਨਾਰਸ ਕਿਲ੍ਹੇ ਵਿਚੋਂ ਵੀ ਉਸ ਦਾ ਰਾਬਤਾ ਭਾਈ ਮਹਾਰਾਜ ਸਿੰਘ ਅਤੇ ਚਤਰ ਸਿੰਘ ਅਟਾਰੀਵਾਲਾ ਨਾਲ ਬਣਿਆ ਹੋਇਆ ਸੀ। ਜਦ ਇਸ ਦਾ ਪਤਾ ਅੰਗਰੇਜ਼ਾਂ ਨੂੰ ਲੱਗਾ ਤਾਂ ਉਹਨਾਂ ਨੇ ਸੁਰੱਖਿਆ ਵਧਾਉਣ ਦੀ ਬਜਾਏ ਰਾਣੀ ਨੂੰ ਸੱਭ ਤੋਂ ਵੱਧ ਮਹਿਫ਼ੂਜ਼ ਕਿਲ੍ਹੇ ਚਿਨਾਰ ਵਿੱਚ ਭੇਜਣ ਦਾ ਫ਼ੈਸਲਾ ਕਰ ਲਿਆ। ਇਹ ਗੱਲ ਮਾਰਚ, 1849 ਦੇ ਅਖ਼ੀਰਲੇ ਦਿਨਾਂ ਦੀ ਹੈ। ਜਦ ਰਾਣੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਰੋਣ ਲੱਗ ਪਈ ਤੇ ਇਸ ਦਾ ਡਟਵਾਂ ਵਿਰੋਧ ਕੀਤਾ। ਜਦ ਉਸ ਨੂੰ ਜ਼ਬਰਦਸਤੀ ਲਿਜਾਣ ਦੀ ਧਮਕੀ ਦਿਤੀ ਗਈ ਤਾਂ ਮਜਬੂਰਨ ਉਸ ਨੂੰ ਜਾਣਾ ਪਿਆ। ਉਸ ਨੂੰ ਚਿਨਾਰ ਪਹੁੰਚਾਉਣ ਵਾਸਤੇ ਇੱਕ ਵੱਡੀ ਫ਼ੌਜ ਵੀ ਨਾਲ ਭੇਜੀ ਗਈ। ਇਸ ਫ਼ੌਜ ਦੀ ਅਗਵਾਈ ਮੇਜਰ ਮੈਕਗਰੈਗਰ ਕਰ ਰਿਹਾ ਸੀ। 4 ਅਪਰੈਲ ਦੇ ਦਿਨ ਚਿਨਾਰ ਪਹੁੰਚ ਕੇ ਮੇਜਰ ਮੈਕਗਰੇਗਰ ਨੇ ਰਾਣੀ ਨੂੰ ਚਿਨਾਰ ਕਿਲ੍ਹੇ ਦੇ ਇੰਚਾਰਜ ਕੈਪਟਨ ਰੀਅਸ ਦੇ ਹਵਾਲੇ ਕਰਦਿਆਂ ਕਿਹਾ ਕਿ ਉਹ ਰਾਣੀ ਦੀ ਆਵਾਜ਼ ਪਛਾਣ ਲਵੇ ਅਤੇ ਹਰ ਰੋਜ਼ ਅੰਦਰ ਜਾ ਕੇ ਉਸ ਦੀ ਕੋਠੜੀ ਵਿੱਚ ਉਸ ਨੂੰ ਵੇਖ ਕੇ ਆਵੇ। ਕਿਉਂਕਿ ਰਾਣੀ ਨੇ ਪਰਦੇ ਵਿੱਚ ਹੋਣਾ ਸੀ, ਇਸ ਲਈ ਉਸ ਨੂੰ ਉਸ ਦੀ ਆਵਾਜ਼ ਤੋਂ ਹੀ ਪਛਾਣਿਆ ਜਾਣਾ ਸੀ। 5 ਤੋਂ 15 ਅਪਰੈਲ, 1849 ਤਕ ਕੈਪਟਨ ਰੀਅਸ ਹਰ ਰੋਜ਼ ਰਾਣੀ ਦੇ ਕਮਰੇ ਵਿੱਚ ਜਾ ਕੇ ਉਸ ਦੀ ਆਵਾਜ਼ ਦੀ ਸ਼ਨਾਖ਼ਤ ਕਰ ਕੇ ਉਸ ਦੀ ‘ਹਾਜ਼ਰੀ’ ਲਾਉਂਦਾ ਰਿਹਾ। 15 ਅਪਰੈਲ ਨੂੰ ਕੈਪਟਨ ਨੇ ਮਹਿਸੂਸ ਕੀਤਾ ਕਿ ਉਸ ਦੀ ਆਵਾਜ਼ ਵਿੱਚ ਫ਼ਰਕ ਹੈ। ਜਦ ਕੈਪਟਨ ਨੇ ‘ਰਾਣੀ’ (ਉਸ ਦੇ ਕਪੜੇ ਪਾ ਕੇ ਬੈਠੀ ਸੇਵਾਦਾਰਨੀ) ਤੋਂ ਆਵਾਜ਼ ਵਿੱਚ ਫ਼ਰਕ ਦਾ ਕਾਰਨ ਪੁਛਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਜ਼ੁਕਾਮ ਹੋਇਆ ਹੈ। ਕੈਪਟਨ ਨੇ ਇਸ ਨੂੰ ਸੱਚ ਸਮਝ ਲਿਆ ਤੇ ਮੁੜ ਗਿਆ। ਦਰਅਸਲ ਰਾਣੀ ਜਿੰਦਾਂ ਤਾਂ 6 ਅਪਰੈਲ ਨੂੰ ਹੀ ਕਿਲ੍ਹੇ ਵਿਚੋਂ ਨਿਕਲ ਚੁੱਕੀ ਸੀ। ਅਖ਼ੀਰ 19 ਅਪਰੈਲ ਨੂੰ ਰਾਣੀ ਦੇ ਨਿਕਲ ਚੁੱਕੇ ਹੋਣ ਦਾ ਰਾਜ਼ ਖੁਲ੍ਹਿਆ। ਜਨਵਰੀ 1861 ਵਿੱਚ ਦਲੀਪ ਸਿੰਘ ਨੂੰ ਕਲਕੱਤਾ ਵਿਖੇ ਆਪਣੀ ਮਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਅਤੇ ਉਹ ਇਹਨਾਂ ਨੂੰ ਆਪਣੇ ਨਾਲ ਇੰਗਲੈਂਡ ਲੈ ਗਿਆ ਜਿੱਥੇ 1 ਅਗਸਤ 1863 ਨੂੰ ਕੈਨਸਿੰਗਟਨ (ਲੰਡਨ) ਵਿਖੇ ਇਹਨਾਂ ਦੀ ਮੌਤ ਹੋ ਗਈ। ਇਹਨਾਂ ਨੂੰ ਕੇਨਸਲ ਗ੍ਰੀਨ ਕਬਰਿਸਤਾਨ ਵਿਖੇ ਆਰਜ਼ੀ ਤੌਰ ’ਤੇ ਦਫ਼ਨਾਇਆ ਗਿਆ ਅਤੇ ਅਗਲੇ ਸਾਲ ਨਾਸਿਕ ਵਿਖੇ ਇਹਨਾਂ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ। ਇਹਨਾਂ ਦੀ ਪੋਤਰੀ ਨੇ ਇਹਨਾਂ ਦੇ ਫੁੱਲ ਲਾਹੌਰ ਵਿਖੇ ਮਹਾਰਾਜਾ ਰਣਜੀਤ ਦੀ ਸਮਾਧ ਵਿਖੇ ਲਿਆਂਦੇ।
2010 ਵਿੱਚ ਨਿਊਯਾਰਕ ਇੰਟਰਨੈਸ਼ਨਲ ਸਿੱਖ ਫ਼ਿਲਮ ਫ਼ੈਸਟੀਵਲ ਵਿਖੇ ਇਹਨਾਂ ਦੀ ਜ਼ਿੰਦਗੀ ਨੂੰ ਦਰਸਾਉਂਦੀ ਫ਼ਿਲਮ, ਦ ਰੇਬਲ ਕੁਈਨ, ਦਾ ਪ੍ਰੀਮੀਅਰ ਕੀਤਾ ਗਿਆ। ਡਾਕੂਮੈਂਟਰੀ ਫ਼ਿਲਮ ਨਿਰਮਾਤਾ ਮਾਈਕਲ ਸਿੰਘ ਨੇ ਮਹਾਰਾਣੀ ਜਿੰਦਾ ‘ਤੇ ‘ਵਿਦਰੋਹੀ ਰਾਣੀ’ ਨਾਮ ਨਾਲ ਫ਼ਿਲਮ ਬਣਾਈ ਹੈ। ਮਾਈਕਲ ਸਿੰਘ ਮੁਤਾਬਕ, ”ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖ਼ੂਨੀ ਘਟਨਾਵਾਂ ਵਿੱਚ ਰਾਜਗੱਦੀ ਦੇ ਵਾਰਿਸ ਦਲੀਪ ਸਿੰਘ ਉੱਥੋਂ ਸੁਰੱਖਿਅਤ ਨਿਕਲਣ ਵਿੱਚ ਕਾਮਯਾਬ ਹੋਏ ਤਾਂ ਉਹ ਮਹਾਰਾਣੀ ਜਿੰਦਾ ਦੀ ਬਦੌਲਤ ਸੰਭਵ ਹੋਇਆ।”ਮਹਾਰਾਣੀ ਜਿੰਦਾ ਨੇ ਆਪਣੇ ਪੁੱਤਰ ਦਲੀਪ ਸਿੰਘ ਨੂੰ ਨਾ ਸਿਰਫ਼ ਜਿਊਂਦਾ ਰੱਖਿਆ ਸਗੋਂ ਪੰਜਾਬ ਦੀ ਰਾਜਗੱਦੀ ਹਾਸਲ ਕਰਨ ਲਈ ਇੱਕ ਸ਼ੇਰਨੀ ਵਾਂਗ ਲੜਾਈ ਲੜੀ।
ਬ੍ਰਿਟਿਸ਼ ਲਾਇਬਰੇਰੀ ਵਿੱਚ ਮਹਾਰਾਣੀ ਜਿੰਦਾ ਅਤੇ ਦਲੀਪ ਸਿੰਘ ਵੱਲੋਂ ਲਿਖੀਆਂ ਗਈਆਂ ਦੋ ਚਿੱਠੀਆਂ ਹਨ, ਜਿਹੜੀਆਂ ਦਿਲ ਨੂੰ ਛੂੰਹਦੀਆਂ ਹਨ।
ਪਹਿਲੀ ਚਿੱਠੀ ਦਲੀਪ ਸਿੰਘ ਨੇ ਲਿਖੀ ਹੈ ਜਿਸ ਵਿੱਚ ਉਹ ਆਪਣੀ ਮਾਤਾ ਜਿੰਦ ਕੌਰ ਨੂੰ ‘ਬੀਬੀਜੀ’ ਕਹਿ ਕੇ ਸੰਬੋਧਿਤ ਕਰਦੇ ਹਨ। ਦਲੀਪ ਸਿੰਘ ਨੇ ਇਹ ਚਿੱਠੀ 22 ਸਾਲ ਦੀ ਉਮਰ ਵਿੱਚ ਆਪਣੀ ਮਾਂ ਨੂੰ ਲਿਖੀ ਸੀ ਜਦੋਂ ਰਾਣੀ ਜਿੰਦਾ 43 ਸਾਲ ਦੀ ਸੀ। 11 ਸਾਲ ਤੋਂ ਦੋਵਾਂ ਵਿਚਾਲੇ ਕੋਈ ਸੰਪਰਕ ਨਹੀਂ ਹੋ ਸਕਿਆ ਸੀ।

ਪਹਿਲੀ ਚਿੱਠੀ
”ਬੀਬੀਜੀ,
ਮੈਂ ਅੱਜ ਅਟਾਰਨੀ ਦੀ ਉਹ ਕਾਪੀ ਦੇਖੀ ਹੈ, ਜਿਹੜੀ ਤੁਸੀਂ ਰਾਜਪਾਲ ਮੋਹਨ ਟੈਗੋਰ ਨੂੰ ਦਿੱਤੀ ਸੀ ਅਤੇ ਮੈਨੂੰ ਲਗਦਾ ਹੈ ਕਿ ਗੰਗਾ ਕਿਨਾਰੇ ਤੁਹਾਡੀ ਰਹਾਇਸ਼ ਲਈ ਇਜਾਜ਼ਤ ਲੈਣ ਦੇ ਸਮਰੱਥ ਹੋ ਜਾਵਾਂਗਾ।
ਮੈਂ ਤੁਹਾਨੂੰ ਮਿਲਣ ਅਤੇ ਭਾਰਤ ਆਉਣ ਲਈ ਲੰਬੇ ਸਮੇਂ ਤੋਂ ਕਾਹਲ ਵਿੱਚ ਹਾਂ ਪਰ ਅਸਥਿਰਤਾ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ। ਇਸ ਲਈ ਮੈਂ ਭਾਰਤ ਆਉਣ ਲਈ ਪਰਮਿਟ ਨੂੰ ਅਗਲੀਆਂ ਸਰਦੀਆਂ ਤੱਕ ਟਾਲ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਵੀ ਇੰਗਲੈਡ ਅਤੇ ਭਾਰਤ ਵਿਚਾਲੇ ਤਣਾਅ ਨੂੰ ਦੇਖਦੇ ਹੋਏ ਇੰਗਲੈਡ ਆਉਣ ਦਾ ਵਿਚਾਰ ਛੱਡ ਦਿਓਗੇ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਠੀਕ ਹੋਵੋਗੇ ਅਤੇ ਤੁਹਾਡੀ ਅੱਖ ਦੀ ਉਹ ਸਮੱਸਿਆ ਪ੍ਰੇਸ਼ਾਨ ਨਹੀਂ ਕਰ ਰਹੀ ਹੋਵੇਗੀ ਜਿਹੜੀ ਮੇਰੇ ਲਾਹੌਰ ਰਹਿੰਦਿਆਂ ਹੋਈ ਸੀ।”
ਭਰੋਸਾ ਰੱਖੋ
ਮੇਰੀ ਪਿਆਰੀ ਮਾਂ
ਤੁਹਾਡਾ ਸਭ ਤੋਂ ਪਿਆਰਾ ਪੁੱਤ
ਦਲੀਪ ਸਿੰਘ

ਜਿੰਦ ਕੌਰ ਨੇ ਨੇਪਾਲ ਵਿੱਚ 11 ਸਾਲ ਤੱਕ ਨਿਰਵਾਸਿਤ ਜੀਵਨ ਬਤੀਤ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਦਾ ਆਪਣੇ ਮੁੰਡੇ ਨਾਲ ਕੋਈ ਸੰਪਰਕ ਨਹੀਂ ਸੀ।
ਅਜਿਹੇ ਵਿੱਚ ਮੁੰਡੇ ਵੱਲੋਂ ਅਚਾਨਕ ਮਿਲਣ ਵਾਲੀ ਚਿੱਠੀ ‘ਤੇ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣਾ ਉਨ੍ਹਾਂ ਲਈ ਅਸਲ ਵਿੱਚ ਬਹੁਤ ਔਖਾ ਰਿਹਾ ਹੋਵੇਗਾ, ਪਰ ਜਿੰਦ ਕੌਰ ਨੇ ਇਹ ਕੰਮ ਬਖ਼ੂਬੀ ਕਰ ਲਿਆ।
ਕਦੇ ‘ਵਿਦਰੋਹੀ ਰਾਣੀ’ ਕਹਾਉਣ ਵਾਲੀ ਜਿੰਦ ਕੌਰ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਚੁੱਕੀ ਸੀ, ਉਨ੍ਹਾਂ ਦੀ ਸਿਹਤ ਖ਼ਰਾਬ ਰਹਿੰਦੀ ਸੀ। ਆਪਣੇ ਇਕਲੌਤੇ ਪੁੱਤਰ ਦੀ ਇੱਕ ਝਲਕ ਦੇਖਣ ਦੀ ਇੱਛਾ ਨਾਲ ਆਪਣੇ ਮੁੰਡੇ ਨੂੰ ‘ਦੂਲਹਾ ਜੀ’ ਕਹਿ ਕੇ ਬੁਲਾਇਆ।
ਦੂਜੀ ਚਿੱਠੀ
”ਦੂਲਹਾ ਜੀ,
ਚਾਰ ਅਕਤੂਬਰ 1859 ਨੂੰ ਅੰਗ੍ਰੇਜ਼ੀ ਵਿੱਚ ਲਿਖਿਆ ਅਤੇ ਗੁਰਮੁੱਖੀ ਵਿੱਚ ਦਸਤਖ਼ਤ ਕੀਤਾ ਪੱਤਰ ਮੈਨੂੰ 19 ਜਨਵਰੀ 1860 ਨੂੰ ਨੇਪਾਲ ਦੇ ਇੱਕ ਮੰਤਰੀ ਰਾਹੀਂ ਮਿਲਿਆ। ਚਿੱਠੀ ਕਾਰਨ ਮੈਨੂੰ ਬਹੁਤ ਖੁਸ਼ੀ ਹੋਈ। ਜ਼ਿਵੇਂ ਇੱਕ ਮਰਿਆ ਵਿਅਕਤੀ, ਨਵਾਂ ਜੀਵਨ ਹਾਸਲ ਕਰਕੇ ਖੁਸ਼ ਹੋ ਜਾਂਦਾ ਹੈ। ਮੈਂ ਤੇਰੀ ਚਿੱਠੀ ਵੇਖ ਕੇ ਬਹੁਤ ਖੁਸ਼ ਹਾਂ।
ਦੂਲਹਾ ਜੀ, ਮੈਂ ਤੇਰੀ ਚਿੱਠੀ ਦਾ ਜਵਾਬ ਲਿਖ ਰਹੀ ਹਾਂ। 200-300 ਵਿਧਵਾਵਾਂ(ਮੇਰੀ ਤਰ੍ਹਾਂ) ਤੈਨੂੰ ਵੇਖਣ ਲਈ ਬਹੁਤ ਕਾਹਲੀਆਂ ਹਨ। ਮੈਂ ਤੇਰੇ ਲਈ ਰਾਤ-ਦਿਨ ਰੋਂਦੀ ਰਹੀ ਹਾਂ, ਪਰ ਹੁਣ ਤੇਰੀ ਚਿੱਠੀ ਨਾਲ ਮੇਰਾ ਦਿਲ ਗੁਲਾਬ ਦੇ ਫੁੱਲ ਦੀ ਤਰ੍ਹਾਂ ਮਹਿਕ ਉੱਠਿਆ ਹੈ। ਤੂੰ ਮੇਰੀ ਅੱਖਾਂ ਦੀ ਤਕਲੀਫ਼ ਬਾਰੇ ਪੁੱਛਿਆ ਤਾਂ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ ਕਿ ਤੇਰੀ ਚਿੱਠੀ ਦੇਖਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਈਆਂ ਹਨ।
ਅਜੇ ਮੈਂ ਨੇਪਾਲ ਦੇ ਕਾਠਮਾਂਡੂ ਵਿੱਚ ਰਹਿ ਰਹੀ ਹਾਂ ਅਤੇ ਇੱਥੋਂ ਦੇ ਦਰਬਾਰ ਵਿੱਚ ਮੇਰਾ ਬੜਾ ਸਨਮਾਨ ਹੈ। ਮੇਰਾ ਇਰਾਦਾ ਹੁਣ ਤੇਰਾ ਚਿਹਰਾ ਦੇਖਣ ਦਾ ਹੈ ਅਤੇ ਉਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਦੀ ਇਜਾਜ਼ਤ ਨਾਲ ਗੰਗਾ ਕਿਨਾਰੇ ਕਿਸੇ ਪਵਿੱਤਰ ਸਥਾਨ ‘ਤੇ ਜਾਣਾ ਹੈ ਜਿੱਥੇ ਆਰਾਮ ਨਾਲ ਰਹਿ ਸਕਾਂ ਅਤੇ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਮੇਰੇ ਜੀਵਨ ਦਾ ਅੰਤ ਹੋ ਜਾਵੇ। ਪਰ ਇਸ ‘ਤੇ ਤੁਸੀਂ ਜੋ ਵੀ ਸੁਝਾਅ ਦੇਵੋਗੇ ਮੈਂ ਉਸ ‘ਤੇ ਅਮਲ ਕਰਨ ਲਈ ਤਿਆਰ ਹਾਂ।
ਭਰੋਸਾ ਰੱਖੋ
ਮੇਰੇ ਪਿਆਰੇ ਪੁੱਤਰ
ਤੇਰੀ ਪਿਆਰੀ ਮਾਂ
ਮਹਾਰਾਣੀ ਜਿੰਦਾ

ਮਾਂ ਅਤੇ ਪੁੱਤਰ ਨੇ ਬੜੇ ਮੁਸ਼ਕਿਲ ਹਾਲਾਤਾਂ ਵਿੱਚ ਜ਼ਿੰਦਗੀ ਗੁਜ਼ਾਰੀ, ਪਰ ਉਨ੍ਹਾਂ ਦਾ ਸਬੰਧ ਅਟੁੱਟ ਰਿਹਾ। ਜਿੰਦ ਕੌਰ ਅਤੇ ਦਲੀਪ ਸਿੰਘ ਦੀ ਮੁਲਾਕਾਤ 1861 ਵਿੱਚ ਹੋਈ ਅਤੇ ਇਸ ਤੋਂ ਬਾਅਦ ਜਿੰਦ ਕੌਰ ਨੇ ਦੋ ਸਾਲ ਆਪਣੇ ਮੁੰਡੇ ਨਾਲ ਬ੍ਰਿਟੇਨ ਵਿੱਚ ਬਤੀਤ ਕੀਤੇ।
ਮੁੰਡੇ ਦੀ ਚਿੱਠੀ ਨੇ ਮਾਂ ਦੀ ਜ਼ਿੰਦਗੀ ਨੂੰ ਖੁਸ਼ੀ ਨਾਲ ਭਰ ਦਿੱਤਾ। ਪੰਜਾਬ ਦੀ ਇਹ ਮਹਾਰਾਣੀ ਦੀ ਗਾਥਾ ਸਾਡੇ ਗੌਰਵਮਈ ਇਤਿਹਾਸ ਦਾ ਅਜਿਹਾ ਪੰਨਾ ਹੈ ਜਿਹੜਾ ਸਾਡੇ ਲਈ ਜਾਨਣਾ ਬੇਹੱਦ ਜ਼ਰੂਰੀ ਹੈ ਤਾਂ ਕਿ ਸਾਡੇ ਬੱਚੇ ਬੱਚੀਆਂ ਇਸ ਬਹਾਦਰ ਰਾਣੀ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਯਾਪਨ ਵੀ ਬਹਾਦਰੀ ਨਾਲ ਕਰਨ ।
ਸ੍ਰੋਤ : ਪੰਜਾਬੀ ਪੀਡੀਆ , ਪੰਜਾਬੀ ਯੂਨਵਿਰਸਟਿੀ ਪਟਿਆਲਾ
ਪੰਜਾਬੀ ਵਿਕੀਪੀਡੀਆ ਤੋਂ ਧੰਨਵਾਦ ਸਾਹਿਤ ।ਫੋਟੋ ਸ੍ਰੋਤ -ਪੰਜਾਬੀ ਵਿਕੀਪੀਡੀਆ

Hits: 152

Spread the love
  •  
  •  
  •  
  •  
  •  
  •  
  •  
  •  
  •