Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

rishi gulati facebook

ਮਿੱਤਰਤਾ ਬਨਾਮ ਸ਼ੋਸ਼ਲ ਮੀਡੀਆ – ਰਿਸ਼ੀ ਗੁਲਾਟੀ

ਮਿੱਤਰਤਾ ਬਨਾਮ ਸ਼ੋਸ਼ਲ ਮੀਡੀਆ – ਰਿਸ਼ੀ ਗੁਲਾਟੀ

ਦੋਸਤੀ, ਮਿੱਤਰਤਾ ਆਦਿ ਸ਼ਬਦਾਂ ਦੀ ਭਾਵਨਾ ਬਹੁਤ ਉਚੀ-ਸੁੱਚੀ ਹੈ, ਤੇ ਏਨੀ ਮਹਾਨ ਭਾਵਨਾ ਵਾਲੇ ਦੋਸਤ ਤਾਂ ਗਿਣਤੀ ਦੇ ਹੀ ਹੋ ਸਕਦੇ ਹਨ, ਜਿਹਨਾਂ ਨੂੰ ਵਾਕਿਆ ਹੀ ਕਿਸੇ ਦੋਸਤ ਦੇ ਸੱਟ ਲੱਗਣ ‘ਤੇ ਪੀੜ ਦਾ ਅਹਿਸਾਸ ਹੁੰਦਾ ਹੋਵੇ। ਹਰ ਪੀੜ੍ਹੀ ਨੂੰ ਹਮੇਸ਼ਾ ਇਹੀ ਜਾਪਦਾ ਰਿਹਾ ਹੈ ਕਿ ਅਗਲੀ ਪੀੜ੍ਹੀ ਦੀ ਰਫ਼ਤਾਰ ਉਹਨਾਂ ਨਾਲੋਂ ਤੇਜ਼ ਹੈ। ਜਦੋਂ ਮੇਰੇ ਹਾਣ ਦੇ ਅਤੇ ਮੇਰੇ ਤੋਂ ਪਹਿਲੀ ਪੀੜ੍ਹੀ ਦੇ ਲੋਕ ਮੌਜੂਦਾ ਜਮਾਨੇ ਦੀ ਤੇਜ਼ ਰਫ਼ਤਾਰ ਨੂੰ ਆਪਣੇ ਬਚਪਨ ਨਾਲ ਤੁਲਨਾਉਂਦੇ ਹੋਣਗੇ ਤਾਂ ਉਹਨਾਂ ਨੂੰ ਯਕੀਨਨ ਇਹ ਜਾਪਦਾ ਹੋਵੇਗਾ ਕਿ “ਦੁਨੀਆਂ ਤਾਂ ਇਕਾਹਟ-ਬਾਹਟ ‘ਤੇ ਪਹੁੰਚ ਗਈ, ਆਪਾਂ ਤਾਂ ਅਜੇ ਪੰਦਰਾਂ-ਸੋਲਾਂ ‘ਤੇ ਹੀ ਫਿਰਦੇ ਹਾਂ”। ਇਹਨਾਂ ਤੀਹਾਂ-ਚਾਲੀਆਂ ਵਰ੍ਹਿਆਂ ‘ਚ ਇਨਸਾਨ ਦੇ ਰਹਿਣ-ਸਹਿਣ ‘ਚ ਮਹੱਤਵਪੂਰਣ ਬਦਲਾਅ ਆਇਆ ਹੈ। ਵਿਗਿਆਨ ਨੇ ਇਨਸਾਨੀ ਜ਼ਿੰਦਗੀ ਦੇ ਬਦਲਾਅ ‘ਚ ਬਹੁਤ ਵੱਡਾ ਰੋਲ ਅਦਾ ਕੀਤਾ ਹੈ, ਜਾਂ ਦੂਜੇ ਸ਼ਬਦਾਂ ‘ਚ ਇਨਸਾਨੀ ਜ਼ਿੰਦਗੀ ਨੂੰ ਆਪਣੇ ਮੱਕੜਜਾਲ ‘ਚ ਫਸਾ ਲਿਆ ਹੈ। ਅੱਜ ਦਾ ਇਨਸਾਨ ਮਸ਼ੀਨਾਂ ਦਾ ਗੁਲਾਮ ਹੋ ਚੁੱਕਾ ਹੈ, ਤੇ ਸਭ ਤੋਂ ਛੋਟੀ ਮਸ਼ੀਨ ਜਿਸਨੇ ਕਿ ਇੱਕ ਕਮਰੇ ‘ਚ ਬੈਠੇ ਪਰਿਵਾਰ ਦੇ ਮੈਂਬਰਾਂ ‘ਚ ਵੀ ਦੂਰੀਆਂ ਪੈਦਾ ਕਰ ਦਿੱਤੀਆਂ ਹਨ, ਉਹ ਹੈ ਸਮਾਰਟ ਫੋਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਪਰਿਵਾਰ ਦੇ ਮੈਂਬਰ ਇਕੱਠੇ ਬੈਠੇ ਹੋਣ ਤੇ ਟੈਲੀਵਿਜ਼ਨ ਨਾ ਚੱਲਦਾ ਹੋਵੇ ਤਾਂ ਸਭ ਆਪਣੇ ਮੋਬਾਇਲਾਂ ‘ਤੇ ਠੁੰਗੇ ਮਾਰਨ ‘ਚ ਵਿਅਸਤ ਹੁੰਦੇ ਹਨ। ਉਹ ਪਰਿਵਾਰ ਤੇ ਦੋਸਤਾਂ ਦੀ ਮਹਿਫ਼ਿਲ ‘ਚ ਕੋਲੇ ਬੈਠਿਆਂ ਨੂੰ ਨਜ਼ਰਅੰਦਾਜ ਕਰਕੇ ਹਜ਼ਾਰਾਂ-ਲੱਖਾਂ ਕਿਲੋਮੀਟਰ ਦੂਰ ਬੈਠੇ ਉਹਨਾਂ “ਅਣਜਾਣ ਦੋਸਤਾਂ” ਨਾਲ ਚੈਟ ਕਰਨ ਲੱਗੇ ਹੁੰਦੇ ਹਨ, ਜਿਹਨਾਂ ਨੂੰ ਉਹ ਜਾਣਦੇ ਨਹੀਂ ਹੁੰਦੇ ਤੇ ਇਹ ਵੀ ਨਹੀਂ ਜਾਣਦੇ ਹੁੰਦੇ ਕਿ ਜਿਸ ਨਾਲ ਉਹ ਗੱਲਾਂ ਮਾਰਨ ਲੱਗੇ ਹੋਏ ਹਨ, ਉਸਦੀ ਪ੍ਰੋਫਾਈਲ ਅਸਲੀ ਹੈ ਜਾਂ ਨਕਲੀ।


ਅਸਲ ‘ਚ ਸੋਸ਼ਲ ਮੀਡੀਆ ਜ਼ਿੰਦਗੀ ਦਾ ਮਹੱਤਵਪੂਰਣ ਤੇ ਅਨਿਖੜਵਾਂ ਅੰਗ ਬਣ ਚੁੱਕਾ ਹੈ। ਸੋਸ਼ਲ ਮੀਡੀਆ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਮਿੱਤਰਤਾ ਦੀ ਲਿਸਟ ‘ਚ ਹੁੰਦੇ ਹਨ, ਹਾਲਾਂਕਿ ਅਸਲ ਜ਼ਿੰਦਗੀ ‘ਚ ਕਿਸੇ ਦੇ ਏਨੇ ਮਿੱਤਰ ਹੋਣ ‘ਤੇ ਸੁਆਲੀਆ ਚਿੰਨ੍ਹ ਲੱਗਦਾ ਹੈ। ਹਰੇਕ ਵਿਅਕਤੀ ਦਾ ਆਪਣਾ ਵੱਖਰਾ ਸੁਭਾਅ, ਪਸੰਦ ਤੇ ਸ਼ੌਂਕ ਹੁੰਦੇ ਹਨ। ਹਰ ਕੋਈ ਆਪਣੇ ਹਿਸਾਬ ਨਾਲ ਹੀ ਵਿਚਰਦਾ ਹੈ। ਸੋਸ਼ਲ ਮੀਡੀਆ ‘ਤੇ ਜਦੋਂ ਕਿਸੇ ਦੀਆਂ ਲਿਖਤਾਂ ਕਿਸੇ ਹੋਰ ਵਰਤੋਂਕਾਰ ਦੀ ਰੂਚੀ ਅਨੁਸਾਰ ਨਹੀਂ ਹੁੰਦੀਆਂ ਤਾਂ ਉਹ ਤਕਲੀਫ਼ ਮਹਿਸੂਸ ਕਰਦਾ ਹੈ ਤੇ ਕੁਮੈਂਟਾਂ ਦੇ ਰੂਪ ‘ਚ ਆਪਣਾ ਵਿਰੋਧ ਦਰਸਾਉਂਦਾ ਹੈ। ਕਈ ਵਾਰ ਕੋਈ ਵਿਅਕਤੀ ਅਜਿਹੇ ਵਿਸ਼ਿਆਂ ‘ਤੇ ਲਿਖਦਾ ਹੈ, ਜੋ ਕਿ ਕਿਸੇ ਖਾਸ ਸਮੂਹ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਅਕਸਰ ਅਜਿਹੀਆਂ ਪੋਸਟਾਂ ‘ਤੇ ਕੁਮੈਂਟਾਂ ਦੇ ਰੂਪ ‘ਚ ਲੋਕ ਗਾਲੋ-ਗਾਲੀ ਵੀ ਹੁੰਦੇ ਹਨ। ਇਸ ਨਾਲ ਪੋਸਟ ਪਾਉਣ ਵਾਲੇ ਦੀ ਸਿਹਤ ‘ਤੇ ਕੋਈ ਅਸਰ ਨਹੀਂ ਹੁੰਦਾ, ਉਸਦਾ ਤਾਂ ਮਕਸਦ ਹੀ ਵੱਧ ਤੋਂ ਵੱਧ ਲਾਈਕ ਤੇ ਕੁਮੈਂਟ ਲੈਣਾ ਹੁੰਦਾ ਹੈ। ਬਹੁਤ ਸਾਰੇ ਲੋਕ ਭਾਵਨਾਵਾਂ ਨਾਲ ਬਹੁਤ ਜੁੜੇ ਹੁੰਦੇ ਹਨ, ਉਹ ਅਜਿਹੀਆਂ ਪੋਸਟਾਂ ਤੇ ਕੁਮੈਂਟਾਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ ਤੇ ਆਪਣਾ ਮਾਨਸਿਕ ਨੁਕਸਾਨ ਕਰਵਾ ਲੈਂਦੇ ਹਨ।


ਕੀ ਅਜਿਹਾ ਕੋਈ ਤਰੀਕਾ ਹੈ ਕਿ ਲੋਕਾਂ ਦੀਆਂ ਅਜਿਹੀਆਂ ਕਾਰਗੁਜ਼ਾਰੀਆਂ ਤੋਂ ਬਚਿਆ ਜਾ ਸਕੇ? ਜੀ ਹਾਂ! ਫੇਸਬੁੱਕ ਦੀ ਗੱਲ ਕਰਾਂ ਤਾਂ ਇਸ ਪਲੇਟਫਾਰਮ ‘ਤੇ ਅਜਿਹੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਦੋ ਵਧੀਆ ਵਿਕਲਪ ਦਿੱਤੇ ਗਏ ਹਨ। ਪਹਿਲਾ ਹੈ “ਅਨਫਰੈਂਡ” ਕਰਨ ਦਾ ਤੇ ਦੂਜਾ ਹੈ “ਬਲੌਕ” ਕਰਨ ਦਾ। “ਅਨਫਰੈਂਡ” ਸ਼ਬਦ ਨੂੰ ਸਾਲ 2009 ‘ਚ “ਵਰਡ ਆਫ਼ ਦਾ ਯੀਅਰ” ਵੀ ਚੁਣਿਆ ਗਿਆ ਸੀ। ਕਿਸੇ ਨੂੰ “ਅਨਫਰੈਂਡ” ਕਰਨ ਦੇ ਬਾਅਦ ਵੀ ਦੋਹੇਂ ਜਣੇ ਇੱਕ ਦੂਜੇ ਦੀ ਵਾਲ ‘ਤੇ ਜਾ ਕੇ ਉਹਨਾਂ ਦੀਆਂ ਪੋਸਟਾਂ ਵੇਖ ਸਕਦੇ ਹਨ ਪਰ “ਬਲੌਕ” ਕਰਨ ਨਾਲ ਇਹ ਨਹੀਂ ਹੋ ਸਕੇਗਾ। ਕਿਸੇ ਨੂੰ “ਅਨਫਰੈਂਡ” ਜਾਂ “ਬਲੌਕ” ਕਰਨਾ ਅਸੱਭਿਅਕ ਵਿਹਾਰ ਦੇ ਦਾਇਰੇ ‘ਚ ਨਹੀਂ ਆਉਂਦਾ।
ਹਰੇਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ ਅਤੇ ਜੇਕਰ ਕਿਸੇ ਨੂੰ ਉਹ ਵਿਚਾਰ ਸਹੀ ਨਹੀਂ ਜਾਪਦੇ ਤਾਂ ਇੱਕ ਦਾਇਰੇ ‘ਚ ਰਹਿ ਕੇ ਉਸ ਨਾਲ ਚਰਚਾ ਕੀਤੀ ਜਾ ਸਕਦੀ ਹੈ। ਜੇਕਰ ਵਾਰ-ਵਾਰ ਇਹੀ ਵਰਤਾਰਾ ਵਾਪਰਦਾ ਹੈ ਤਾਂ ਸਪੱਸ਼ਟ ਹੈ ਕਿ ਉਸ ਵਿਅਕਤੀ ਦੀ ਮੰਸ਼ਾ ਹੀ ਅਜਿਹੇ ਵਿਸ਼ਿਆਂ ‘ਤੇ ਗੱਲਬਾਤ ਤੋਰਨਾ (ਚੁਆਤੀ ਲਗਾਉਣਾ) ਹੈ, ਜਿਸ ਨਾਲ ਹੋਰਨਾਂ ਨੂੰ ਤਕਲੀਫ਼ ਹੁੰਦੀ ਹੋਵੇ। ਇਹ ਵੀ ਸਮਝ ਲੈਣਾ ਜਰੂਰੀ ਹੈ ਕਿ ਕਿਸੇ ਹੋਰ ਦੀ ਸੋਚ ਨੂੰ ਬਦਲਣਾ ਔਖਾ ਹੈ, ਇਸ ਲਈ ਕਿਉਂ ਵਾਰ-ਵਾਰ ਤੇ ਹਰ ਵਾਰ ਕੁਮੈਂਟਾਂ ਰੂਪੀ ਯੁੱਧ ਲੜੇ ਜਾਣ? ਅਜਿਹੀਆਂ ਪੋਸਟਾਂ ‘ਤੇ ਆਪਣਾ ਸਮਾਂ ਤੇ ਊਰਜਾ ਨਸ਼ਟ ਕਰਨ ਦੀ ਬਜਾਏ ਕਿਉਂ ਨਾ ਉਸ ਊਰਜਾ ਨੂੰ ਸਾਰਥਿਕ ਤਰੀਕੇ ਨਾਲ ਵਰਤਿਆ ਜਾਵੇ? ਪਰ ਜੇਕਰ ਅਜਿਹੀਆਂ ਪੋਸਟਾਂ ਵਾਰ ਵਾਰ ਨਜ਼ਰੀਂ ਆਉਣਗੀਆਂ ਤਾਂ ਕਾਲਜਾ ਵੀ ਮੱਚੇਗਾ। ਇਸ ਲਈ ਆਪਣੇ ਆਪ ਨੂੰ ਨਕਾਰਤਮਿਕਤਾ ਤੋਂ ਬਚਾਉਣ ਲਈ ਉਸ ਵਿਅਕਤੀ ਨੂੰ ਬਲੌਕ ਕਰ ਦੇਣਾ ਸਹੀ ਫੈਸਲਾ ਹੋਵੇਗਾ।


ਜੇਕਰ ਕੋਈ ਹੋਰ ਤੁਹਾਡੀਆਂ ਜਾਇਜ਼ ਪੋਸਟਾਂ ‘ਤੇ ਆ ਕੇ ਨਜਾਇਜ਼ ਗੰਦ ਪਾਉਂਦਾ ਹੈ ਤਾਂ ਉਸਨੂੰ ਵੀ ਬਿਨਾ ਵਿਚਾਰਿਆਂ ਬਲੌਕ ਕਰ ਦੇਣਾ ਵਾਜਬ ਰਹੇਗਾ। ਆਖਿਰ ਤੁਸੀਂ ਕਿਸੇ ਨੂੰ ਆਪਣੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਦਿੰਦੇ ਹੀ ਕਿਉਂ ਹੋ? ਜੇਕਰ ਤੁਸੀਂ ਸਕਾਰਤਮਕ ਰਹਿਣਾ ਪਸੰਦ ਕਰਦੇ ਹੋ ਤੇ ਕੋਈ ਤੁਹਾਡੀ ਵਾਲ ‘ਤੇ ਲਗਾਤਾਰ ਨਕਾਰਤਮਿਕਤਾ ਭੇਜਦਾ ਹੈ ਤਾਂ ਅਜਿਹੇ ਵਿਅਕਤੀਆਂ ਨੂੰ ਲੋੜ ਅਨੁਸਾਰ “ਅਨਫਰੈਂਡ” ਜਾਂ “ਬਲੌਕ” ਕਰ ਦੇਣਾ ਸਹੀ ਹੋਵੇਗਾ। ਜੇਕਰ ਕੋਈ ਆਪਣੇ ਰਿਸ਼ਤਿਆਂ ‘ਚੋਂ ਵੱਖ (ਤਲਾਕ ਜਾਂ ਬਰੇਕਅਪ) ਹੋ ਚੁੱਕਾ ਹੈ, ਹਰ ਵੇਲੇ ਹੀ ਤੁਹਾਡਾ ਧਿਆਨ ਆਪਣੇ ਵੱਲ ਖਿੱਚਣ ‘ਚ ਦਿਲਚਸਪੀ ਰੱਖਦਾ ਹੋਵੇ, ਬਹੁਤ ਜਿਆਦਾ ਸ਼ੇਖ਼ੀਆਂ ਮਾਰਦਾ ਹੋਵੇ, ਖੁਦ ਨੂੰ ਵਿਦਵਾਨ ਤੇ ਦੂਜਿਆਂ ਨੂੰ ਬੇਵਕੂਫ਼ ਸਮਝਦਾ ਹੋਵੇ, ਤੁਹਾਡੀ ਸਖ਼ਸ਼ੀਅਤ ਬਾਰੇ ਬੁਰੀਆਂ ਟਿੱਪਣੀਆਂ ਕਰਦਾ ਹੋਵੇ, ਤੁਹਾਨੂੰ ਨੀਵਾਂ ਵਿਖਾਉਣ ਦਾ ਯਤਨ ਕਰਦਾ ਹੋਵੇ, ਬਹਿਸ ਦੌਰਾਨ ਮਰਿਆਦਾ ਯਾਦ ਨਾ ਰੱਖਦਾ ਹੋਵੇ, ਉਹਨਾਂ ਲਈ “ਅਨਫਰੈਂਡ” ਜਾਂ “ਬਲੌਕ” ਬਟਨ ਨੱਪਣਾ ਤੁਹਾਡੇ ਹੀ ਹਿਤ ‘ਚ ਹੋਵੇਗਾ। ਇੱਕ ਗੱਲ ਹੋਰ ਕਿ ਕਦੇ ਵੀ ਆਪਣੇ ਬੌਸ ਨੂੰ ਆਪਣੀ ਸੋਸ਼ਲ ਮੀਡੀਆ ‘ਤੇ ਮਿੱਤਰਤਾ ਲਈ ਸੱਦਾ ਨਾ ਭੇਜੋ, ਹਾਲਾਂਕਿ ਬਹੁਤ ਸਾਰੇ ਲੋਕ ਪਾਰਟੀਆਂ ‘ਚ ਖਿੱਚੀਆਂ ਗਈਆਂ ਫੋਟੋਆਂ ਨੂੰ ਬੌਸ ਨੂੰ ਟੈਗ ਕਰਕੇ ਮਾਣ ਮਹਿਸੂਸ ਕਰਦੇ ਹਨ, ਪਰ ਚੰਗਾ ਹੋਵੇ ਜੇਕਰ ਆਪਣੀ ਨਿੱਜੀ ਜ਼ਿੰਦਗੀ ਨੂੰ ਨਿੱਜੀ ਹੀ ਰਹਿਣ ਦਿਓ।


ਅਗਲਾ ਸੁਆਲ ਇਹ ਵੀ ਹੋ ਸਕਦਾ ਹੈ ਕਿ ਜਦੋਂ ਕਿਸੇ ਨੂੰ ਆਪਣੀ ਸੋਸ਼ਲ ਮੀਡੀਆ ਦੀ ਮਿੱਤਰਤਾ ਦੀ ਲਿਸਟ ‘ਚੋਂ ਬਾਹਰ ਕੱਢਣਾ ਹੈ ਤਾਂ ਕੀ ਇਸ ਬਾਰੇ ਜਨਤਕ ਤੌਰ ‘ਤੇ ਦੱਸਿਆ ਜਾਏ? ਇਸਦਾ ਜੁਆਬ ਵੀ ਸੁਆਲ ਦੇ ਰੂਪ ‘ਚ ਹੀ ਹੈ ਕਿ ਇਸਦੀ ਲੋੜ ਹੀ ਕੀ ਹੈ? ਕੀ ਆਪਾਂ ਇਹ ਪਰਖਣਾ ਚਾਹੁੰਦੇ ਹਾਂ ਕਿ ਕਿੰਨੇ ਕੁ ਲੋਕ ਸਾਨੂੰ “ਅਨਫਰੈਂਡ” ਨਾ ਕਰਨ ਲਈ ਕੁਮੈਂਟ ਕਰਦੇ ਹਨ? ਜੇਕਰ ਸੱਚਮੁੱਚ ਹੀ ਅਸੀਂ ਆਪਣੀ ਸੋਸ਼ਲ ਮੀਡੀਆ ਵਾਲ ਆਪਣੇ ਸੁਭਾਅ, ਪਸੰਦ ਤੇ ਲੋੜ ਅਨੁਸਾਰ ਵਰਤਣਾ ਚਾਹੁੰਦੇ ਹਾਂ ਤਾਂ ਚੁੱਪ ਕਰਕੇ “ਵਾਢਾ” ਲਾ ਦਿਓ, ਰੌਲਾ ਪਾਉਣ ਦੀ ਕੀ ਲੋੜ ਹੈ? ਫੇਸਬੁੱਕ ‘ਤੇ ਮਿੱਤਰਤਾ ਦੀ ਲਿਸਟ ਦੀ ਲਿਮਟ ਪੰਜ ਹਜ਼ਾਰ ਹੈ, ਹਰ ਕੋਈ ਆਪਣੀ ਲੋੜ ਅਨੁਸਾਰ “ਅਨਫਰੈਂਡ” ਜਾਂ “ਬਲੌਕ” ਬਟਨ ਨੱਪਦਾ ਹੀ ਹੈ, ਪਰ “ਅਨਫਰੈਂਡ” ਕਰਨ ਦੀ ਪੋਸਟ ‘ਤੇ “ਅਨਫਰੈਂਡ ਨਾ ਕਰਨ ਦੇ” ਕਿੰਨੇ ਕੁ ਕੁਮੈਂਟ ਆ ਜਾਂਦੇ ਹਨ, ਇੱਕ ਸੌ, ਦੋ ਸੌ ਜਾਂ ਪੰਜ ਸੌ? ਤੇ ਕੀ ਕਦੇ ਕਿਸੇ ਨੇ ਵੇਖਿਆ ਹੈ ਕਿ ਕਿਸੇ ਨੇ ਪੋਸਟ ਪਾਉਣ ਤੋਂ ਬਾਅਦ ਪੰਤਾਲੀ ਸੌ ਲੋਕਾਂ ਨੂੰ “ਅਨਫਰੈਂਡ” ਕਰ ਦਿੱਤਾ ਹੋਵੇ? ਇਹ ਤਾਂ ਮਨ ਨੂੰ ਦਿਲਾਸੇ ਦੇਣ ਦੀਆਂ ਹੀ ਗੱਲਾਂ ਹਨ, ਕਿਸੇ ਕੋਲ ਮਿੰਨਤਾਂ ਤਰਲੇ ਕਰਨ ਦਾ ਸਮਾਂ ਨਹੀਂ ਹੈ। ਹਰੇਕ ਨੂੰ ਇਸ ਗੱਲ ਦਾ ਪੂਰਣ ਅਧਿਕਾਰ ਹੈ ਕਿ ਉਹ ਆਪਣੀ ਮਾਨਸਿਕ ਸ਼ਾਂਤੀ ਬਰਕਰਾਰ ਰੱਖਣ ਲਈ “ਅਨਫਰੈਂਡ” ਜਾਂ “ਬਲੌਕ” ਬਟਨ ਦੀ ਸੁਯੋਗ ਵਰਤੋਂ ਕਰੇ।

-ਰਿਸ਼ੀ ਗੁਲਾਟੀ

Hits: 82

Spread the love
  •  
  •  
  •  
  •  
  •  
  •  
  •  
  •  
  •